ਵਿਆਹ ਸਮਾਰੋਹ ਵਾਲੀਆਂ ਥਾਵਾਂ ਦੀ ਉਸਾਰੀ ਲਈ ਮੰਦਰਾਂ ਨੂੰ ਪੈਸਾ ਨਹੀਂ ਦਿੰਦੇ ਸ਼ਰਧਾਲੂ: ਸੁਪਰੀਮ ਕੋਰਟ
Tuesday, Sep 16, 2025 - 10:37 PM (IST)

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਰਧਾਲੂਆਂ ਵੱਲੋਂ ਦਿੱਤਾ ਗਿਆ ਪੈਸਾ ਵਿਆਹ ਸਮਾਰੋਹ ਵਾਲੀਆਂ ਥਾਵਾਂ ਦੀ ਉਸਾਰੀ ਲਈ ਨਹੀਂ ਹੁੰਦਾ। ਕੋਰਟ ਨੇ ਉਸ ਹੁਕਮ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਮੰਦਰ ਦੇ ਫੰਡਾਂ ਨੂੰ ਜਨਤਕ ਜਾਂ ਸਰਕਾਰੀ ਪੈਸਾ ਨਹੀਂ ਮੰਨਿਆ ਜਾ ਸਕਦਾ।
ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਤਾਮਿਲਨਾਡੂ ਦੇ ਵੱਖ-ਵੱਖ ਥਾਵਾਂ ’ਤੇ 5 ਮੰਦਰਾਂ ਤੋਂ ਫੰਡਾਂ ਦੀ ਵਰਤੋਂ ਕਰ ਕੇ ਵਿਆਹ ਹਾਲਾਂ ਦੀ ਉਸਾਰੀ ਦੀ ਇਜਾਜ਼ਤ ਦੇਣ ਵਾਲੇ ਸਰਕਾਰੀ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਸੀ। 19 ਅਗਸਤ ਦੇ ਆਪਣੇ ਆਦੇਸ਼ ਵਿਚ ਹਾਈ ਕੋਰਟ ਨੇ ਕਿਹਾ ਕਿ ਵਿਆਹ ਸਮਾਰੋਹਾਂ ਲਈ ਕਿਰਾਏ ’ਤੇ ਦੇਣ ਲਈ ਵਿਆਹ ਹਾਲਾਂ ਦੀ ਉਸਾਰੀ ਦਾ ਸਰਕਾਰ ਦਾ ਫੈਸਲਾ ‘ਧਾਰਮਿਕ ਉਦੇਸ਼ਾਂ’ ਦੀ ਪਰਿਭਾਸ਼ਾ ਦੇ ਅਧੀਨ ਨਹੀਂ ਆਉਂਦਾ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ ਅਤੇ ਉਸਨੇ ਕਿਹਾ ਿਕ ਭਗਤ ਇਨ੍ਹਾਂ ਵਿਆਹ ਸਥਾਨਾਂ ਦੀ ਉਸਾਰੀ ਲਈ ਮੰਦਰ ਨੂੰ ਆਪਣਾ ਪੈਸਾ ਨਹੀਂ ਦਿੰਦੇ ਹਨ। ਇਹ ਮੰਦਰ ਦੇ ਸੁਧਾਰ ਲਈ ਹੋ ਸਕਦਾ ਹੈ।