ਮਹਾਰਾਸ਼ਟਰ ''ਚ ਭਾਜਪਾ ਵਿਧਾਇਕ ਦਲ ਦੇ ਨੇਤਾ ਬਣੇ ਫੜਨਵੀਸ

Wednesday, Oct 30, 2019 - 06:09 PM (IST)

ਮਹਾਰਾਸ਼ਟਰ ''ਚ ਭਾਜਪਾ ਵਿਧਾਇਕ ਦਲ ਦੇ ਨੇਤਾ ਬਣੇ ਫੜਨਵੀਸ

ਮੁੰਬਈ—ਮਹਾਰਾਸ਼ਟਰ 'ਚ ਮੁੱਖ ਮੰਤਰੀ ਦੇ ਅਹੁਦੇ 'ਤੇ ਜਾਰੀ ਘਮਾਸਾਨ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਦੇਵੇਂਦਰ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਅੱਜ ਭਾਵ ਬੁੱਧਵਾਰ ਨੂੰ ਮਹਾਰਾਸ਼ਟਰ ਵਿਧਾਨ ਭਵਨ 'ਚ ਭਾਜਪਾ ਦੇ ਵਿਧਾਇਕ ਦਲ ਦੀ ਬੈਠਕ ਹੋਈ। ਇਸ ਬੈਠਕ ਦੌਰਾਨ ਮਹਾਰਾਸ਼ਟਰ ਭਾਜਪਾ ਦੇ ਮੁੱਖੀ ਚੰਦਰਕਾਂਤ ਪਾਟਿਲ ਅਤੇ ਸੀਨੀਅਰ ਨੇਤਾ ਸੁਧੀਰ ਮੁਨਗੰਟੀਵਾਰ ਨੇ ਦੇਵੇਂਦਰ ਫੜਨਵੀਸ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਦਿੱਲੀ ਤੋਂ ਸੁਪਰਵਾਇਜ਼ਰ ਬਣ ਮਹਾਰਾਸ਼ਟਰ ਪਹੁੰਚੇ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਜਪਾ-ਸ਼ਿਵਸੈਨਾ ਨਾਲ ਗੱਲ ਕਰ ਰਹੀ ਹੈ ਅਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੀ ਬਣਨਗੇ।

ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਉਹ ਪੀ. ਐੱਮ. ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹਨ। 2014 ਤੋਂ 2019 ਤੱਕ ਅਸੀਂ ਚੋਣਾਂ ਲੜੀਆਂ ਅਤੇ ਜਿੱਤਿਆ ਵੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੋ ਵੀ ਅਫਵਾਹਾਂ ਹਨ, ਉਨ੍ਹਾਂ 'ਤੇ ਧਿਆਨ ਨਾ ਦਿੱਤਾ ਜਾਵੇ। ਭਾਜਪਾ ਅਤੇ ਸ਼ਿਵਸੈਨਾ ਮਿਲ ਕੇ ਸਰਕਾਰ ਬਣਾਉਣਗੇ।
ਦੱਸ ਦੇਈਏ ਕਿ ਅੱਜ ਭਾਵ ਬੁੱਧਵਾਰ ਨੂੰ ਹੋਈ ਇਸ ਬੈਠਕ 'ਚ ਭਾਜਪਾ ਦੇ ਸਾਰੇ ਵਿਧਾਇਕ ਭਗਵੀ ਪੱਗੜੀ ਬੰਨ੍ਹ ਕੇ ਪਹੁੰਚੇ, ਜਿੱਥੇ ਦੇਵੇਂਦਰ ਫੜਨਵੀਸ ਦਾ ਜਬਰਦਸਤ ਸਵਾਗਤ ਕੀਤਾ ਗਿਆ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਨਰਿੰਦਰ ਸਿੰਘ ਤੋਮਰ, ਅਵਿਨਾਸ਼ ਰਾਏ ਖੰਨਾ ਨੂੰ ਸੁਪਰਵਾਇਜ਼ਰ ਬਣਾਇਆ ਗਿਆ ਹੈ, ਜੋ ਵਿਧਾਇਕ ਦਲ ਦੀ ਬੈਠਕ 'ਚ ਪਹੁੰਚੇ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਸ਼ਿਵਸੈਨਾ ਲਗਾਤਾਰ ਭਾਜਪਾ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਸ਼ਿਵਸੈਨਾ ਭਾਜਪਾ ਨੂੰ 50-50 ਫਾਰਮੂਲੇ ਨੂੰ ਯਾਦ ਦਿਵਾ ਰਹੀ ਹੈ ਪਰ ਭਾਜਪਾ ਵੱਲੋਂ ਇਸ 'ਤੇ ਕੋਈ ਖਾਸ ਤਵੱਜੋਂ ਨਹੀਂ ਦਿੱਤੀ ਜਾ ਰਹੀ ਹੈ।


author

Iqbalkaur

Content Editor

Related News