ਫੜਨਵੀਸ ਬੋਲੇ-ਨਾਗਪੁਰ ’ਚ ਹਿੰਸਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ

Wednesday, Mar 19, 2025 - 12:47 AM (IST)

ਫੜਨਵੀਸ ਬੋਲੇ-ਨਾਗਪੁਰ ’ਚ ਹਿੰਸਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਕਿਹਾ ਕਿ ਨਾਗਪੁਰ ’ਚ ਹੋਈ ਹਿੰਸਾ ਇਕ ਸਾਜ਼ਿਸ਼ ਜਾਪਦੀ ਹੈ। ਇਹ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਹਿੰਸਾ ਸਬੰਧੀ 50 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਗਿਆ ਹੈ।

ਉਨ੍ਹਾਂ ਵਿਧਾਨ ਸਭਾ ’ਚ ਕਿਹਾ ਕਿ ਨਾਗਪੁਰ ਦੇ ਕੁਝ ਹਿੱਸਿਆਂ ’ਚ ਕਰਫਿਊ ਲਾ ਦਿੱਤਾ ਗਿਆ ਹੈ। ਫਿਲਮ ‘ਛਾਵਾ’ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਵਿਰੁੱਧ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ। ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਿਤ ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਫਿਲਮ ‘ਛਾਵਾ’ ਨੇ ਮਰਾਠਾ ਹੁਕਮਰਾਨ ਦੇ ਸੱਚੇ ਇਤਿਹਾਸ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਕਿ ਉਹ ਔਰੰਗਜ਼ੇਬ ਦੀ ਵਡਿਆਈ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਨਾਗਪੁਰ ’ਚ ਹਿੰਸਾ ਇਕ ਸਾਜ਼ਿਸ਼ ਅਧੀਨ ਹੋਈ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਤੇ ਨਾਗਪੁਰ ਦੇ ਇੰਚਾਰਜ ਮੰਤਰੀ ਚੰਦਰਸ਼ੇਖਰ ਨੇ ਨਾਗਪੁਰ ਦੇ ਇਕ ਹਸਪਤਾਲ ’ਚ ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਮਿਲਣ ਤੋਂ ਬਾਅਦ ਕਿਹਾ ਕਿ ਹਿੰਸਾ ’ਚ 34 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ। ਇਸ ਸਮੇਂ ਸਥਿਤੀ ਕੁਝ ਤਣਾਅਪੂਰਨ ਹੈ ਪਰ ਸ਼ਹਿਰ ’ਚ ਸ਼ਾਂਤੀ ਹੈ ਕਿਉਂਕਿ ਲੋੜੀਂਦੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮਹਾਰਾਸ਼ਟਰ ’ਚ ਕਿਸੇ ਦੀ ਕਬਰ ਜਾਂ ਮਕਬਰੇ ਆਦਿ ਨੂੰ ਨੁਕਸਾਨ ਪਹੁੰਚਾਉਣਾ ਜਾਂ ਨਸ਼ਟ ਕਰਨਾ ਸਹੀ ਨਹੀਂ ਹੈ ਕਿਉਂਕਿ ਇਸ ਨਾਲ ਆਪਸੀ ਭਾਈਚਾਰਾ, ਸ਼ਾਂਤੀ ਤੇ ਸਦਭਾਵਨਾ ਨੂੰ ਢਾਹ ਵੱਜਦੀ ਹੈ। ਸਰਕਾਰ ਨੂੰ ਅਜਿਹੇ ਮਾਮਲਿਆਂ ’ਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇੰਝ ਨਾ ਹੋਇਅਾ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਜੋ ਚੰਗੀ ਗੱਲ ਨਹੀਂ ਹੋਵੇਗੀ।

ਵਿਹਿਪ ਤੇ ਬਜਰੰਗ ਦਲ ਦੇ ਅਾਗੂਆਂ ਖ਼ਿਲਾਫ਼ ਕੇਸ ਦਰਜ

ਨਾਗਪੁਰ : ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਨਾਗਪੁਰ ’ਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਪੁਲਸ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਤੇ ਬਜਰੰਗ ਦਲ ਦੇ ਅਹੁਦੇਦਾਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਮੰਗਲਵਾਰ ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਤੇ ਗੋਆ ਦੇ ਵਿਹਿਪ ਇੰਚਾਰਜ ਸਕੱਤਰ ਗੋਵਿੰਦ ਤੇ ਬਜਰੰਗ ਦਲ ਦੇ ਹੋਰ ਅਹੁਦੇਦਾਰਾਂ ਵਿਰੁੱਧ ਗਣੇਸ਼ਪੇਠ ਪੁਲਸ ਸਟੇਸ਼ਨ ’ਚ ਐਫ. ਆਈ. ਆਰ. ਦਰਜ ਕੀਤੀ ਗਈ ਹੈ।


author

Rakesh

Content Editor

Related News