ਬੈਨ ਦੇ ਬਾਵਜੂਦ ਦਿੱਲੀ-NCR ’ਚ ਜੰਮ ਕੇ ਹੋਈ ਆਤਿਸ਼ਬਾਜੀ, ਛਾਈ ਧੁੰਦ ਦੀ ਮੋਟੀ ਚਾਦਰ
Friday, Nov 05, 2021 - 10:12 AM (IST)
 
            
            ਨਵੀਂ ਦਿੱਲੀ- ਦੀਵਾਲੀ ’ਤੇ ਪਟਾਕੇ ਬੈਨ ਕੀਤੇ ਜਾਣ ਦੇ ਬਾਵਜੂਦ ਦਿੱਲੀ-ਐੱਨ.ਸੀ.ਆਰ. ’ਚ ਜੰਮ ਕੇ ਆਤਿਸ਼ਬਾਜੀ ਹੋਈ। ਜਿਸ ਤੋਂ ਬਾਅਦ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਬੇਹੱਦ ਖ਼ਰਾਬ ਹੋ ਗਿਆ। ਸਵੇਰੇ ਦਿੱਲੀ ਦੇ ਜਨਪਥ ’ਚ ਪ੍ਰਦੂਸ਼ਣ ਮੀਟਰ (ਪੀ.ਐੱਮ.) 2.5 ਸੀ। ਉੱਥੇ ਹੀ ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਪੱਧਰ ’ਚ ਪਰਾਲੀ ਸਾੜਨ ਦਾ ਯੋਗਦਾਨ ਵਧ ਕੇ 25 ਫੀਸਦੀ ਹੋ ਗਿਆ ਹੈ ਜੋ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਵੱਧ ਪੱਧਰ ਹੈ। ਪਟਾਕਿਆਂ ਕਾਰਨ ਦਿੱਲੀ ’ਚ ਆਸਮਾਨ ’ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਜਿਸ ਕਾਰਨ ਉੱਥੇ ਦੀ ਹਵਾ ਗੁਣਵੱਤਾ ਇੰਨੀ ਖ਼ਰਾਬ ਹੋ ਗਈ ਹੈ ਕਿ ਕਈ ਲੋਕਾਂ ਨੇ ਗਲ਼ੇ ’ਚ ਖਾਰਸ਼ ਅਤੇ ਅੱਖਾਂ ’ਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ ਹੈ। ਪਟਾਕਿਆਂ ’ਤੇ ਦਿੱਲੀ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਕਈ ਲੋਕਾਂ ਨੂੰ ਦੀਵਾਲੀ ਮੌਕੇ ਸੜਕ ’ਤੇ ਪਟਾਕੇ ਚਲਾਉਂਦੇ ਦੇਖਿਆ ਗਿਆ।

ਉੱਥੇ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਰਾਜਧਾਨੀ ਦਾ ਪਿਛਲੇ 24 ਘੰਟਿਆਂ ਦਾ ਔਸਤ ਏ.ਕਿਊ.ਆਈ. ਵੀਰਵਾਰ 382 ’ਤੇ ਪਹੁੰਚ ਗਿਆ, ਜੋ ਬੁੱਧਵਾਰ ਨੂੰ 314 ਸੀ। ਮੰਗਲਵਾਰ ਨੂੰ 24 ਘੰਟਿਆਂ ਦਾ ਔਸਤ ਏ.ਕਿਊ.ਆਈ. 303 ਅਤੇ ਸੋਮਵਾਰ ਨੂੰ 281 ਸੀ। ਜਾਣਕਾਰੀ ਅਨੁਸਾਰ ਜ਼ੀਰੋ ਅਤੇ 50 ਦਰਮਿਆਨ ਏ.ਕਿਊ.ਆਈ. ‘ਚੰਗਾ’, 51 ਅਤੇ 100 ਦਰਮਿਆਨ ‘ਸੰਤੋਸ਼ਜਨਕ’, 101 ਅਤੇ 200 ਦਰਮਿਆਨ ‘ਮੱਧਮ’, 201 ਅਤੇ 300 ਦਰਮਿਆਨ ‘ਖ਼ਰਾਬ’, 301 ਅਤੇ 400 ਦਰਮਿਆਨ ‘ਬਹੁਤ ਖ਼ਰਾਬ’ ਅਤੇ 401 ਅਤੇ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ।



 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            