ਸਿੱਖ ਪ੍ਰੀਖਿਆਰਥੀਆਂ ਨੂੰ ਕੜਾ-ਕਿਰਪਾਨ ਸਣੇ ਪ੍ਰੀਖਿਆ ਕੇਂਦਰ ''ਚ ਦਾਖਿਲਾ ਦੇਣ ਦੀ ਉੱਠੀ ਮੰਗ
Thursday, Aug 22, 2019 - 08:23 PM (IST)

ਨਵੀਂ ਦਿੱਲੀ— ਦਿੱਲੀ ਅਧੀਨਸਥ ਸੇਵਾ ਚੋਣ ਬੋਰਡ (ਡੀ.ਐੱਸ.ਐੱਸ.ਐੱਸ.ਬੀ.) ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਪ੍ਰੀਖਿਆ 'ਚ ਸਿੱਖ ਪ੍ਰੀਖਿਆਰਥੀਆਂ ਨੂੰ ਕੜਾ ਤੇ ਕਿਰਪਾਨ ਸਹਿਤ ਬੈਠਣ ਦਿੱਤਾ ਜਾਵੇ। ਇਹ ਮੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤੀ ਹੈ ਕਿਉਂਕਿ ਬੋਰਡ ਨੇ ਪ੍ਰੀਖਿਆਰਥੀਆਂ ਨੂੰ ਧਾਤੂ ਵਸਤਾਂ ਦੇ ਨਾਲ ਪ੍ਰਵੇਸ਼ ਨਾ ਕਰਨ ਦੇ ਹੁਕਮ ਦਿੱਤੇ ਸਨ, ਜਿਸ ਨੂੰ ਲੈ ਕੇ ਜੀ.ਕੇ. ਨੇ ਅੱਜ ਬੋਰਡ ਦਫ਼ਤਰ ਪਹੁੰਚ ਕਰ ਕੇ ਇਸ ਸਬੰਧੀ ਤੁਰੰਤ ਐਡਵਾਇਜ਼ਰੀ ਜਾਰੀ ਕਰਨ ਦੀ ਬੋਰਡ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਹੈ ਤਾਂਕਿ ਸਿੱਖ ਪ੍ਰੀਖਿਆਰਥੀ ਤੰਗ ਨਾ ਹੋਣ।
ਆਪਣੇ ਪੱਤਰ 'ਚ ਜੀਕੇ ਨੇ ਬੋਰਡ ਨੂੰ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਹਾਈਕੋਰਟ 'ਚ ਉਨ੍ਹਾਂ ਦੇ ਵੱਲੋਂ ਪੇਸ਼ ਕੀਤੀ ਗਈ ਪਟੀਸ਼ਨ 'ਤੇ ਦਿੱਲੀ ਪੁਲਸ ਨੇ ਮੰਨਿਆ ਹੈ ਕਿ ਕਿਰਪਾਨ ਧਾਰਨ ਕਰਨ ਦਾ ਸਿੱਖ ਨੂੰ ਸੰਵਿਧਾਨ ਪਾਸੋਂ ਅਧਿਕਾਰ ਮਿਲਿਆ ਹੋਇਆ ਹੈ। ਸਿੱਖਾਂ ਨੂੰ ਅਤਿ ਸੁਰੱਖਿਆ ਵਾਲੇ ਪ੍ਰੋਗਰਾਮਾਂ ਤੋਂ ਲੈ ਕੇ ਕਿਸੇ ਵੀ ਜਗ੍ਹਾ ਕਿਰਪਾਨ ਸਹਿਤ ਜਾਣ ਦੀ ਮਨਜ਼ੂਰੀ ਹੈ। ਹਾਈਕੋਰਟ ਨੇ ਵੀ ਮੰਨਿਆ ਹੈ ਕਿ ਜਾਚਕ ਦੀ ਮੰਗ ਨੂੰ ਪੁਲਸ ਠੀਕ ਦੱਸ ਰਹੀ ਹੈ । ਇਸ ਲਈ ਜੇਕਰ ਬੋਰਡ ਸਿੱਖ ਪ੍ਰੀਖਿਆਰਥੀਆਂ ਨੂੰ ਤੰਗ ਕਰਦਾ ਹੈ ਤਾਂ ਇਹ ਅਦਾਲਤ ਦੀ ਹੇਠੀ ਵਰਗਾ ਹੋਵੇਗਾ। ਇਸ ਮੌਕੇ 'ਤੇ ਪਰਮਿੰਦਰ ਪਾਲ ਸਿੰਘ ਵੀ ਜੀ.ਕੇ. ਦੇ ਨਾਲ ਮੌਜੂਦ ਸਨ।