ਅੰਨਾ DMK ''ਤੇ ਕਬਜ਼ੇ ਦੀ ਮੰਗ, ਪਨੀਰਸੇਲਵਮ ਬਰਖਾਸਤ ; ਪਲਾਨੀਸਵਾਮੀ ਮੁਖੀ ਚੁਣੇ ਗਏ

07/12/2022 10:48:33 AM

ਚੇਨਈ (ਭਾਸ਼ਾ)- ਤਾਮਿਲਨਾਡੂ ਦੀ ਮੁੱਖ ਵਿਰੋਧੀ ਪਾਰਟੀ ਅੰਨਾ ਡੀ. ਐੱਮ. ਕੇ. ਨੇ ਸੋਮਵਾਰ ਨੂੰ ਏਡਾਪੱਡੀ ਕੇ ਪਲਾਨੀਸਵਾਮੀ (ਈ. ਪੀ. ਐੱਸ.) ਨੂੰ ਆਪਣਾ ਅੰਤਰਿਮ ਜਨਰਲ ਸਕੱਤਰ ਚੁਣਿਆ ਅਤੇ ਉਨ੍ਹਾਂ ਨੂੰ ਸੰਗਠਨ ਚਲਾਉਣ ਲਈ ਮੁਖੀ ਐਲਾਨ ਦਿੱਤਾ। ਇੱਥੇ ਹੋਈ ਕਾਰਜਕਾਰਨੀ ਕਮੇਟੀ ਅਤੇ ਜਨਰਲ ਕੌਂਸਲ ਦੀ ਮੀਟਿੰਗ ਵਿਚ ਅੰਨਾ ਡੀ. ਐੱਮ. ਕੇ. ਨੇ ਕੋਆਰਡੀਨੇਟਰ ਅਤੇ ਸੰਯੁਕਤ ਕੋਆਰਡੀਨੇਟਰ ਦੇ ਅਹੁਦੇ ਨੂੰ ਖਤਮ ਕਰਨ ਦਾ ਮਤਾ ਪਾਸ ਕੀਤਾ। ਇਹ ਦੋਵੇਂ ਅਹੁਦੇ ਕ੍ਰਮਵਾਰ ਓ. ਪਨੀਰਸੇਲਵਮ ਅਤੇ ਪਲਾਨੀਸਵਾਮੀ ਦੇ ਕੋਲ ਸਨ। ਜਨਰਲ ਕੌਂਸਲ ਨੇ ਪਾਰਟੀ ਦੇ ਖਜ਼ਾਨਚੀ ਤੇ ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ ਅਤੇ ਉਨ੍ਹਾਂ ਦੇ ਤਿੰਨ ਹੋਰ ਸਮਰਥਕਾਂ ਨੂੰ ਪਾਰਟੀ ਨਿਯਮਾਂ ਦੀ ਉਲੰਘਣਾ ਕਰਨ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ। ਸਾਬਕਾ ਮੰਤਰੀ ਨਾਥਮ ਆਰ. ਵਿਸ਼ਵਨਾਥਨ ਵੱਲੋਂ ਪੇਸ਼ ਵਿਸ਼ੇਸ਼ ਮਤੇ ਨੂੰ ਜਨਰਲ ਕੌਂਸਲ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

PunjabKesari

ਪਨੀਰਸੇਲਵਮ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ ਅਤੇ ਸਾਬਕਾ ਮੰਤਰੀ ਆਰ. ਵੈਥਿਲਿੰਗ, ਸਾਬਕਾ ਵਿਧਾਇਕ ਜੇ. ਸੀ. ਡੀ. ਪ੍ਰਭਾਕਰਨ ਅਤੇ ਮਨੋਜ ਪੰਡੀਅਨ ਨੂੰ ਵੀ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਾਰਟੀ ਦੀ ਮੀਟਿੰਗ ਵਿਚ ਜਨਰਲ ਸਕੱਤਰ ਦੀ ਰਸਮੀ ਚੋਣ ਕਰਨ ਲਈ 4 ਮਹੀਨਿਆਂ ਵਿਚ ਸੰਗਠਨਾਤਮਕ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ’ਚ ਕਈ ਨਵੇਂ ਨਿਯਮਾਂ ’ਚ ਸੋਧ ਕੀਤੀ ਗਈ ਜਿਸ ’ਚ ਪਾਰਟੀ ਦੇ ਚੋਟੀ ਦੇ ਜਨਰਲ ਸਕੱਤਰ ਦੀ ਚੋਣ ਲੜਨ ਲਈ ਕੁਝ ਨਵੇਂ ਨਿਯਮ ਅਤੇ ਅਗਾਊਂ ਪ੍ਰਵਾਨਗੀਆਂ ਸ਼ਾਮਲ ਹਨ। ਮੀਟਿੰਗ ਵਿਚ ਕੁੱਲ 16 ਪ੍ਰਸਤਾਵਾਂ ਨੂੰ ਰੱਖਿਆ ਗਿਆ। ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਸਿਆਸੀ ਪਾਰਟੀ ਦੇ ਝਗੜੇ ’ਚ ਅਦਾਲਤ ਦੇ ਦਖਲ ਨਾ ਦੇਣ ਦੀ ਗੱਲ ’ਤੇ ਕਾਇਮ ਰਹਿੰਦਿਆਂ ਅੰਨਾ ਡੀ. ਐੱਮ. ਕੇ. ਨੇਤਾ ਅਤੇ ਸਾਬਕਾ ਕੋਆਰਡੀਨੇਟਰ ਓ. ਪਨੀਰਸੇਲਵਮ ਦੀ ਜਨਰਲ ਕੌਂਸਲ ਦੀ ਬੈਠਕ ਦੇ ਸੰਚਾਲਨ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਸੋਮਵਾਰ ਨੂੰ ਖਾਰਜ ਕਰ ਦਿੱਤੀ ਸੀ।

PunjabKesari

ਝੜਪ ਤੋਂ ਬਾਅਦ ਪਾਰਟੀ ਹੈੱਡਕੁਆਰਟਰ ਸੀਲ

ਤਾਮਿਲਨਾਡੂ ’ਚ ਅੰਨਾ ਡੀ. ਐੱਮ. ਕੇ. ਦੇ ਦੋ ਨੇਤਾਵਾਂ ਏਡਾਪੱਡੀ ਕੇ. ਪਲਾਨੀਸਵਾਮੀ ਅਤੇ ਓ. ਪਨੀਰਸੇਲਵਮ ਦੇ ਸਮਰਥਕਾਂ ਵੱਲੋਂ ਪਾਰਟੀ ਦਫਤਰ ਦੇ ਅੰਦਰ ਅਤੇ ਬਾਹਰ ਹਿੰਸਾ ਅਤੇ ਭੰਨ-ਤੋੜ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ। ਪਨੀਰਸੇਲਵਮ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਹ ਅਦਾਲਤ ਦਾ ਦਰਵਾਜਾ ਖੜਕਾਉਣਗੇ, ਕਾਨੂੰਨੀ ਕਾਰਵਾਈ ਕਰਨਗੇ ਅਤੇ ਵਰਕਰਾਂ ’ਚ ਇਨਸਾਫ ਮੰਗਣ ਜਾਣਗੇ। ਇਸ ਨਾਲ ਹੀ ਉਹ ਪਾਰਟੀ ਦਫ਼ਤਰ ਤੋਂ ਨਿਕਲ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਹਿੰਸਾ ਦੇ ਮੱਦੇਨਜ਼ਰ ਕੀਤੀ ਗਈ ਹੈ, ਪਾਰਟੀ ਦਫ਼ਤਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਪੁਲਸ ਨੇ ਬਾਹਰ ਕੱਢ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News