ਹੱਦਬੰਦੀ ਬਿੱਲ ਦੇ ਮੁੱਦੇ ''ਤੇ DMK ਮੁਖੀ MK ਸਟਾਲਿਨ ਨੂੰ ''ਮਨਾਉਣ'' ਚੇਨਈ ਪਹੁੰਚੇ ਰਾਹੁਲ, ਸੋਨੀਆ ਤੇ ਖੜਗੇ

Sunday, Nov 29, 2026 - 05:08 PM (IST)

ਹੱਦਬੰਦੀ ਬਿੱਲ ਦੇ ਮੁੱਦੇ ''ਤੇ DMK ਮੁਖੀ MK ਸਟਾਲਿਨ ਨੂੰ ''ਮਨਾਉਣ'' ਚੇਨਈ ਪਹੁੰਚੇ ਰਾਹੁਲ, ਸੋਨੀਆ ਤੇ ਖੜਗੇ

ਨੈਸ਼ਨਲ ਡੈਸਕ- ਹੱਦਬੰਦੀ ਬਿੱਲ ਦੇ ਮੁੱਦੇ 'ਤੇ ਦ੍ਰਾਵਿੜ ਮੁਨੇਤਰ ਕੜਗਮ (DMK) ਦੇ ਮੁਖੀ ਐੱਮ. ਕੇ. ਸਟਾਲਿਨ ਨੂੰ ਮਨਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਤੇ 'ਇੰਡੀਆ' ਗੱਠਜੋੜ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਐਤਵਾਰ ਨੂੰ ਚੇਨਈ ਪਹੁੰਚ ਗਿਆ ਹੈ। ਇਹ ਵਫ਼ਦ ਸਟਾਲਿਨ ਨੂੰ ਕੇਂਦਰ ਸਰਕਾਰ ਦੇ ਹੱਦਬੰਦੀ ਬਿੱਲ ਦਾ ਸਮਰਥਨ ਕਰਨ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰੇਗਾ, ਕਿਉਂਕਿ ਸੋਮਵਾਰ ਨੂੰ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਣਾ ਹੈ।

ਇਸ ਵਫ਼ਦ 'ਚ ਕਰਨਾਟਕ, ਕੇਰਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕ੍ਰਮਵਾਰ ਡੀ.ਕੇ. ਸ਼ਿਵਕੁਮਾਰ, ਵੀ. ਡੀ. ਸਤੀਸ਼ਨ ਅਤੇ ਏ. ਰੇਵੰਤ ਰੈੱਡੀ ਦੇ ਨਾਲ 'ਇੰਡੀਆ' ਗੱਠਜੋੜ ਦੇ ਹੋਰ ਆਗੂ ਵੀ ਸ਼ਾਮਲ ਹਨ, ਜੋ ਚੇਨਈ ਮਗਰੋਂ ਮੁੰਬਈ ਜਾ ਕੇ NCP (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕਰਨਗੇ। ਅਪ੍ਰੈਲ 2026 ਦੀਆਂ ਚੋਣਾਂ ਮਗਰੋਂ ਕਾਂਗਰਸ ਨੇ ਤਾਮਿਲਨਾਡੂ 'ਚ DMK ਦੀ ਅਗਵਾਈ ਵਾਲੇ ਗੱਠਜੋੜ ਤੋਂ ਵੱਖ ਹੋ ਕੇ TVK ਦੇ ਸੰਸਥਾਪਕ ਅਤੇ ਮੁੱਖ ਮੰਤਰੀ ਸੀ. ਜੋਸੇਫ਼ ਵਿਜੇ ਦੀ ਸਰਕਾਰ ਨੂੰ ਸਮਰਥਨ ਦਿੱਤਾ ਸੀ, ਜਿਸ ਮਗਰੋਂ ਦੋਵਾਂ ਪਾਰਟੀਆਂ ਵਿਚਾਲੇ ਤਲਖ਼ੀ ਵਧੀ ਹੈ ਅਤੇ DMK ਨੇ ਕਾਂਗਰਸ 'ਤੇ 'ਯੂ-ਟਰਨ' ਲੈਣ ਦੇ ਦੋਸ਼ ਵੀ ਲਾਏ ਹਨ।

ਸ਼ਨੀਵਾਰ ਨੂੰ 22 ਲੋਕ ਸਭਾ ਅਤੇ 8 ਰਾਜ ਸਭਾ ਮੈਂਬਰਾਂ ਵਾਲੀ DMK ਨੇ ਭਾਜਪਾ ਦੀ ਅਗਵਾਈ ਵਾਲੇ NDA ਦੇ ਹੱਦਬੰਦੀ ਬਿੱਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਸਟਾਲਿਨ ਨੇ ਆਪਣੀਆਂ ਦੋ ਮੁੱਖ ਮੰਗਾਂ- ਤਾਮਿਲਨਾਡੂ ਦੀ 7.18 ਫ਼ੀਸਦੀ ਲੋਕ ਸਭਾ ਸੀਟਾਂ ਦੀ ਹਿੱਸੇਦਾਰੀ ਘੱਟ ਨਾ ਕਰਨਾ ਅਤੇ 1971 ਦੀ ਜਨਗਣਨਾ ਦੇ ਆਧਾਰ 'ਤੇ 2051 ਤੱਕ ਸੂਬਿਆਂ ਵਿਚਾਲੇ ਪ੍ਰਤੀਨਿਧਤਾ ਦਾ ਮੌਜੂਦਾ ਅਨੁਪਾਤ ਕਾਇਮ ਰੱਖਣਾ ਸ਼ਾਮਲ ਹੋਣ ਕਰ ਕੇ ਤਾਮਿਲਨਾਡੂ ਤੇ ਦੱਖਣੀ ਸੂਬਿਆਂ ਦੀ ਜਿੱਤ ਦੱਸਿਆ। ਐਤਵਾਰ ਨੂੰ ਰਾਹੁਲ ਗਾਂਧੀ ਦੀ 'X' ਪੋਸਟ ਦੇ ਜਵਾਬ 'ਚ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤਾਮਿਲ ਲੋਕਾਂ ਦੇ ਭਲੇ ਨੂੰ ਸਭ ਤੋਂ ਉੱਪਰ ਰੱਖਦੀ ਹੈ ਅਤੇ ਇਤਿਹਾਸ ਉਨ੍ਹਾਂ ਨੂੰ ਦੇਸ਼ਭਗਤ ਯੋਧੇ 'ਕੱਟਾਬੋੰਮਨ' ਵਜੋਂ ਯਾਦ ਰੱਖੇਗਾ, ਨਾ ਕਿ ਵਿਸ਼ਵਾਸਘਾਤ ਦੇ ਪ੍ਰਤੀਕ 'ਏੱਟੱਪਨ' ਵਜੋਂ।


author

Harpreet SIngh

Content Editor

Related News