ਤਿਹਾੜ ਜੇਲ ''ਚ 38 ਸਾਲ ਪਹਿਲਾਂ ਵੀ 2 ਬਲਾਤਕਾਰੀਆਂ ਨੂੰ ਦਿੱਤੀ ਗਈ ਸੀ ਫਾਂਸੀ

03/20/2020 1:08:30 PM

ਨਵੀਂ ਦਿੱਲੀ— ਦਿੱਲੀ ਦੀ ਤਿਹਾੜ ਜੇਲ 'ਚ ਅੱਜ ਤੋਂ 38 ਸਾਲ ਪਹਿਲਾਂ ਵੀ 2 ਬਲਤਾਕਾਰੀਆਂ ਨੂੰ ਫਾਂਸੀ ਦਿੱਤੀ ਗਈ ਸੀ। ਇਨ੍ਹਾਂ ਅਪਰਾਧੀਆਂ ਦੇ ਨਾਂ ਸਨ ਰੰਗਾ ਅਤੇ ਬਿੱਲਾ। ਇਨ੍ਹਾਂ ਦੋਹਾਂ ਨੂੰ ਲਗਭਗ ਨਿਰਭਯਾ ਵਰਗੇ ਹੀ ਰੇਪ ਅਤੇ ਕਤਲ ਦੇ ਮਾਮਲੇ 'ਚ ਫਾਂਸੀ 'ਤੇ ਲਟਕਾਇਆ ਗਿਆ ਸੀ। ਸਾਲਾਂ ਬਾਅਦ ਵੀ ਰੰਗਾ ਅਤੇ ਬਿੱਲਾ ਦਾ ਨਾਂ ਅੱਜ ਵੀ ਆਤੰਕ ਦੇ ਸਾਮਾਨ ਮੰਨਿਆ ਜਾਂਦਾ ਹੈ। 

ਫਿਰੌਤੀ ਲਈ ਭੈਣ-ਭਰਾ ਨੂੰ ਕੀਤਾ ਗਿਆ ਸੀ ਅਗਵਾ
ਇਹ ਸਾਲ 1978 ਦੀ ਗੱਲ ਹੈ। ਰੰਗਾ ਅਤੇ ਬਿੱਲਾ ਨੇ ਭੈਣ-ਭਰਾ ਨੂੰ ਫਿਰੌਤੀ ਲਈ ਅਗਵਾ ਕਰ ਲਿਆ ਸੀ। ਅਗਵਾ ਦੀ ਇਹ ਘਟਨਾ ਦਿੱਲੀ ਦੇ ਵਿਚੋ-ਵਿਚ ਹੋਈ ਸੀ ਅਤੇ ਦੋਵੇਂ ਅਪਰਾਧੀਆਂ ਨੇ ਇਨ੍ਹਾਂ ਦੋਹਾਂ ਭੈਣ-ਭਰਾ ਨੂੰ ਲਿਫਟ ਦੇਣ ਦੇ ਬਹਾਨੇ ਅਗਵਾ ਕੀਤਾ ਸੀ ਪਰ ਜਦੋਂ ਰੰਗਾ ਬਿੱਲਾ ਨੂੰ ਪਤਾ ਲੱਗਾ ਕਿ ਦੋਵੇਂ ਭੈਣ, ਭਰਾ- ਗੀਤਾ ਅਤੇ ਸੰਜੇ ਚੌਪੜਾ ਇਕ ਜਲ ਸੈਨਾ ਅਧਿਕਾਰੀ ਦੇ ਬੱਚੇ ਹਨ ਤਾਂ ਉਹ ਡਰ ਗਏ ਅਤੇ ਉਨ੍ਹਾਂ ਨੂੰ ਤਸੀਹੇ ਦੇਣ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ।

2 ਜੱਲਾਦਾਂ ਨੇ ਦਿੱਤੀ ਸੀ ਫਾਂਸੀ
ਕਤਲ ਤੋਂ ਪਹਿਲਾਂ ਗੀਤਾ ਨਾਲ ਰੇਪ ਕੀਤਾ ਗਿਆ ਸੀ। ਕੁਲਜੀਤ ਸਿੰਘ ਉਰਫ਼ ਰੰਗਾ ਖੁਸ਼ ਅਤੇ ਜਸਬੀਰ ਸਿੰਘ ਉਰਫ਼ ਬਿੱਲਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਘਟਨਾ ਦੇ 4 ਸਾਲ ਬਾਅਦ ਫਾਂਸੀ 'ਤੇ ਲਟਕਾਇਆ ਗਿਆ। ਰੰਗਾ ਅਤੇ ਬਿੱਲਾ ਨੂੰ ਫਾਂਸੀ ਦੇਣ ਲਈ ਤਿਹਾੜ ਪ੍ਰਸ਼ਾਸਨ ਨੇ ਫਰੀਦਕੋਟ ਅਤੇ ਮੇਰਠ ਜੇਲਾਂ ਤੋਂ 2 ਜੱਲਾਦਾਂ ਫਕੀਰਾ ਅਤੇ ਕਾਲੂ ਨੂੰ ਬੁਲਾਇਆ ਸੀ।

ਇਹ ਸਾਰੀ ਜਾਣਕਾਰੀ 'ਬਲੈਕ ਵਾਰੰਟ' ਕਿਤਾਬ 'ਚ ਦਿੱਤੀ ਗਈ ਹੈ
ਤਿਹਾੜ ਜੇਲ ਦੇ ਸਾਬਕਾ ਕਾਨੂੰਨ ਅਧਿਕਾਰੀ ਸੁਨੀਲ ਗੁਪਤਾ ਅਤੇ ਪੱਤਰਕਾਰ ਸੁਨੇਤਰਾ ਚੌਧਰੀ ਵਲੋਂ ਲਿਖੀ ਗਈ ਕਿਤਾਬ 'ਬਲੈਕ ਵਾਰੰਟ' 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਰੰਗਾ ਬਿੱਲਾ ਨੂੰ ਚਾਹ ਦਿੱਤੀ ਗਈ ਸੀ ਅਤੇ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਆਪਣੀ ਕੋਈ ਵਸੀਅਤ ਛੱਡਣਾ ਚਾਹੁੰਦੇ ਹਨ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। 

2 ਘੰਟੇ ਫਾਂਸੀ 'ਤੇ ਲਟਕਣ ਦੇ ਬਾਵਜੂਦ ਚੱਲ ਰਹੀ ਸੀ ਰੰਗਾ ਦੀ ਨਬਜ਼
31 ਜਨਵਰੀ 1982 ਨੂੰ ਫਾਂਸੀ ਦੇ ਦਿਨ ਉਨ੍ਹਾਂ ਦੇ ਚਿਹਰਿਆਂ ਨੂੰ ਢੱਕ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਫਾਂਸੀ ਲੱਗਾ ਦਿੱਤੀ ਗਈ। ਕਿਤਾਬ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਕਿਤਾਬ 'ਚ ਕਿਹਾ ਗਿਆ ਹੈ ਕਿ ਜੱਲਾਦ ਵਲੋਂ ਲੀਵਰ ਖਿੱਚੇ ਜਾਣ ਦੇ ਕਰੀਬ 2 ਘੰਟਿਆਂ ਬਾਅਦ ਉਨ੍ਹਾਂ ਦੀ ਲਾਸ਼ਾਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਦੇਖਿਆ ਸੀ ਕਿ ਰੰਗਾ ਦੀ ਨਬਜ਼ ਚੱਲ ਰਹੀ ਸੀ। ਇਸ ਤੋਂ ਬਾਅਦ ਇਕ ਗਾਰਡ ਨੂੰ ਉਸ ਖੂਹ 'ਚ ਉਤਾਰਿਆ ਗਿਆ, ਜਿਸ ਦੇ ਉੱਪਰ ਰੰਗਾ ਦਾ ਸਰੀਰ ਝੂਲ ਰਿਹਾ ਸੀ। ਗਾਰਡ ਨੇ ਹੇਠਾਂ ਉਤਰ ਕੇ ਰੰਗਾ ਦੇ ਪੈਰ ਖਿੱਚੇ ਸਨ। ਇਹ ਜਾਣਕਾਰੀ ਵੀ ਕਿਤਾਬ 'ਚ ਦਿੱਤੀ ਗਈ ਹੈ।


DIsha

Content Editor

Related News