ਦਿੱਲੀ ’ਚ ਬਲੈਕ ਫੰਗਸ ਦੇ 620 ਮਾਮਲੇ, ਮਿਲਣਗੇ ‘ਸਪੂਤਨਿਕ ਵੀ’ ਟੀਕੇ: ਕੇਜਰੀਵਾਲ
Wednesday, May 26, 2021 - 02:34 PM (IST)
ਨਵੀਂ ਦਿੱਲੀ— ਦਿੱਲੀ ਵਿਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਯਾਨੀ ਕਿ ਅੱਜ ਕਿਹਾ ਕਿ ਹੁਣ ਬਲੈਕ ਫੰਗਸ ਦੇ ਮਾਮਲਿਆਂ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕੇਜਰੀਵਾਲ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਬਲੈਕ ਫੰਗਸ ਦੇ 620 ਮਾਮਲੇ ਹੋ ਚੁੱਕੇ ਹਨ। ਇਸ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੇ ਏਮਫੋਟੇਰਿਸਿਨ-ਬੀ ਇੰਜੈਕਸ਼ਨ ਦੀ ਦਿੱਲੀ ’ਚ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਨੂੰ ਰੋਜ਼ਾਨਾ ਬਲੈਕ ਫੰਗਸ ਦੇ 3500 ਇੰਜੈਕਸ਼ਨ ਦੀ ਲੋੜ ਹੈ ਪਰ ਕੇਂਦਰ ਸਿਰਫ 400 ਇੰਜੈਕਸ਼ਨ ਹੀ ਉਪਲੱਬਧ ਕਰਵਾ ਰਿਹਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਹ ਗੱਲ ਆਖੀ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਦੱਸਿਆ ਕਿ ਸਪੂਤਨਿਕ ਵੀ ਦੇ ਨਿਰਮਾਤਾ ਦਿੱਲੀ ਨੂੰ ਰੂਸੀ ਕੋਵਿਡ ਰੋਕੂ ਟੀਕੇ ਦੀ ਸਪਲਾਈ ਕਰਨ ਲਈ ਰਾਜ਼ੀ ਹੋ ਗਏ ਹਨ ਪਰ ਟੀਕੇ ਦੀਆਂ ਕਿੰਨੀ ਖ਼ੁਰਾਕਾਂ ਮਿਲਣਗੀਆਂ ਇਹ ਅਜੇ ਤੈਅ ਨਹੀਂ ਹੋਇਆ ਹੈ। ਇਸ ਬਾਬਤ ਸਪੂਤਨਿਕ ਵੀ ਦੇ ਨਿਰਮਾਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਸਾਡੇ ਅਧਿਕਾਰੀਆਂ ਅਤੇ ਟੀਕਾ ਉਤਪਾਦਕਾਂ ਦੇ ਨੁਮਾਇੰਦਿਆਂ ਵਿਚਾਲੇ ਮੰਗਲਵਾਰ ਨੂੰ ਵੀ ਮੁਲਾਕਾਤ ਹੋਈ।