ਦਿੱਲੀ ''ਚ ਖੁੱਲ੍ਹੇ 9ਵੀਂ ਅਤੇ 11ਵੀਂ ਦੇ ਸਕੂਲ, ਮਾਸਕ ਪਹਿਨ ਪਹੁੰਚ ਰਹੇ ਵਿਦਿਆਰਥੀ
Friday, Feb 05, 2021 - 10:14 AM (IST)
ਨਵੀਂ ਦਿੱਲੀ- ਦਿੱਲੀ 'ਚ ਅੱਜ ਯਾਨੀ ਸ਼ੁੱਕਰਵਾਰ ਤੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਗਏ ਹਨ। ਬੱਚੇ ਮਾਸਕ ਪਹਿਨੇ ਹੋਏ ਕੋਰੋਨਾ ਨਿਯਮਾਂ ਦਾ ਧਿਆਨ ਰੱਖਦੇ ਹੋਏ ਸਕੂਲਾਂ 'ਚ ਦਾਖ਼ਲ ਹੋਏ। ਉੱਥੇ ਹੀ ਇਸ ਦੌਰਾਨ ਸਕੂਲਾਂ ਵਲੋਂ ਵੀ ਕੋਰੋਨਾ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸੈਨੀਟਾਈਜ਼ਰ ਦੇ ਨਾਲ ਹੀ ਸਮਾਜਿਕ ਦੂਰੀ ਦਾ ਵੀ ਪੂਰਾ ਪਾਲਣ ਹੋ ਰਿਹਾ ਹੈ। ਦੱਸਣਯੋਗ ਹੈ ਕਿ 9ਵੀਂ ਅਤੇ 11ਵੀਂ ਜਮਾਤ ਤੋਂ ਇਲਾਵਾ ਅੱਜ ਤੋਂ ਕਾਲਜਾਂ, ਡਿਗਰੀ ਅਤੇ ਡਿਪਲੋਮਾ ਇੰਸਟੀਚਿਊਟ ਵੀ ਖੋਲ੍ਹੇ ਜਾ ਰਹੇ ਹਨ। ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਬੱਚਿਆਂ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਸਨ। ਦੇਸ਼ ਦੇ ਅਨਲੌਕ ਹੋਣ ਤੋਂ ਬਾਅਦ ਹੁਣ ਕੋਈ ਸੂਬਿਆਂ 'ਚ ਸਕੂਲ-ਕਾਲਜ ਖੋਲ੍ਹੇ ਜਾ ਰਹੇ ਹਨ। ਹਾਲਾਂਕਿ ਛੋਟੀ ਕਲਾਸ ਦੇ ਬੱਚਿਆਂ ਲਈ ਹਾਲੇ ਵੀ ਆਨਲਾਈਨ ਕਲਾਸਾਂ ਹੀ ਚੱਲ ਰਹੀਆਂ ਹਨ।
ਸਕੂਲ 'ਚ ਬੱਚਿਆਂ ਅਤੇ ਅਧਿਆਪਕਾਂ ਨੂੰ ਕੋਰੋਨਾ ਦਿਸ਼ਾ-ਨਿਰੇਦਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਕੂਲ ਖੋਲ੍ਹਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਸੈਕੰਡਰੀ ਅਤੇ ਉੱਚ ਸਿੱਖਿਆ ਵਾਲੀਆਂ ਸੰਸਥਾਵਾਂ ਆਪਣੇ ਵਿਦਿਆਰਥੀਆਂ ਨੂੰ ਪ੍ਰਾਜੈਕਟ ਵਰਕ ਜਾਂ ਕਾਊਂਸਲਿੰਗ ਲਈ 5 ਫਰਵਰੀ ਤੋਂ ਬੁਲਾ ਸਕਣਗੇ, ਹਾਲਾਂਕਿ ਇਸ ਦੌਰਾਨ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।