ਰਾਹਤ ਭਰੀ ਖ਼ਬਰ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Tuesday, Jun 16, 2020 - 02:19 PM (IST)
ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਤੇਂਦਰ ਜੈਨ ਦੀ ਹਾਲਤ ਹਾਲੇ ਸਥਿਰ ਹੈ। ਉਨ੍ਹਾਂ ਨੂੰ ਇਸ ਸਮੇਂ ਬੁਖਾਰ ਹੈ। ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਮੰਗਲਵਾਰ ਨੂੰ ਸਤੇਂਦਰ ਜੈਨ ਨੂੰ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਤੇਂਦਰ ਜੈਨ ਨੂੰ ਸਾਹ ਲੈਣ 'ਚ ਪਰੇਸ਼ਾਨੀ ਸੀ। ਇਸ ਤੋਂ ਬਾਅਦ ਸਤੇਂਦਰ ਦਾ ਕੋਰੋਨਾ ਵਾਇਰਸ ਟੈਸਟ ਵੀ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।
ਸਤੇਂਦਰ ਜੈਨ ਨੇ ਖੁਦ ਟਵੀਟ ਕਰ ਕੇ ਹਸਪਤਾਲ 'ਚ ਆਪਣੇ ਦਾਖਲ ਹੋਣ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਆ ਰਹੀ ਪਰੇਸ਼ਾਨੀ ਤੋਂ ਬਾਅਦ ਮੈਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਮੈਂ ਤੁਹਾਨੂੰ ਤਾਜ਼ਾ ਜਾਣਕਾਰੀ ਦਿੰਦਾ ਰਹਾਂਗਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤੇਂਦਰ ਜੈਨ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਕੀਤੇ ਬਿਨਾਂ ਦਿਨ-ਰਾਤ 24 ਘੰਟੇ ਜਨਤਾ ਦੀ ਸੇਵਾ 'ਚ ਲੱਗੇ ਰਹੇ। ਆਪਣਾ ਧਿਆਨ ਰੱਖੋ ਅਤੇ ਜਲਦ ਸਿਹਤਮੰਦ ਹੋਵੇ। ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਸਤੇਂਦਰ ਜੈਨ ਦੀ ਸਿਹਤ ਬਾਰੇ ਜਾਣਕਾਰੀ ਲਈ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਕੇਜਰੀਵਾਲ ਦਾ ਵੀ ਕੋਰੋਨਾ ਟੈਸਟ ਹੋਇਆ ਸੀ ਅਤੇ ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਸੀ।