ਦਿੱਲੀ ਦੰਗਿਆਂ ’ਤੇ ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ, ਬੋਲੇ- ‘ਸਪਾਂਸਰ ਸਨ ਦੰਗੇ’

03/12/2020 6:33:17 PM

ਨਵੀਂ ਦਿੱਲੀ— ਬੀਤੀ ਫਰਵਰੀ 2020 ਨੂੰ ਉੱਤਰੀ-ਪੂਰਬੀ ਦਿੱਲੀ 'ਚ ਦੰਗੇ ਹੋਏ, ਜਿਸ ਨੂੰ ਲੈ ਕੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਮੋਦੀ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕੀਤਾ। ਮਾਨ ਨੇ ਦੋਸ਼ ਲਾਇਆ ਕਿ ਦਿੱਲੀ ਦੰਗੇ ਪੂਰੀ ਤਰ੍ਹਾਂ ਸਪਾਂਸਰ ਦੰਗੇ ਹਨ। ਲੋਕ ਸਭਾ 'ਚ ਚਰਚਾ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਹਿੰਸਾ 'ਚ ਪ੍ਰਯੋਗ ਕੀਤੇ ਗਏ ਸਾਰੇ ਪੱਥਰਾਂ ਦਾ ਰੰਗ ਇਕ ਹੀ ਸੀ, ਜੋ ਸਾਬਤ ਕਰਦਾ ਹੈ ਕਿ ਇਹ ਸਪਾਂਸਰ ਦੰਗੇ ਹਨ। ਇਸ ਲਈ ਬਾਹਰੋਂ ਸ਼ਰਾਰਤੀ ਅਨਸਰਾਂ ਨੂੰ ਲਿਆਂਦਾ ਗਿਆ, ਉਨ੍ਹਾਂ ਨੂੰ ਇਕ ਸਕੂਲ 'ਚ ਠਹਿਰਾਇਆ ਗਿਆ ਅਤੇ ਰਾਤ ਨੂੰ ਉਨ੍ਹਾਂ ਨੇ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਮਾਨ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਜੋ ਹੋਇਆ, ਉਸ ਨੂੰ ਪੂਰੇ ਦੇਸ਼ ਨੇ ਦੇਖਿਆ। ਇਨ੍ਹਾਂ ਨੂੰ ਦੰਗਿਆਂ ਦਾ ਤਜ਼ਰਬਾ ਹੈ। ਇਹ ਦੰਗੇ ਕਰਵਾਉਂਦੇ ਹਨ। ਇਸ ਦੌਰਾਨ ਸੰਸਦ 'ਚ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਨ ਨੇ ਕਿਹਾ ਕਿ ਮੈਨੂੰ ਕੋਈ ਪਰਵਾਹ ਨਹੀਂ ਤੁਸੀਂ ਬੋਲਦੇ ਰਹੋ। ਮਾਨ ਨੇ ਅੱਗੇ ਕਿਹਾ ਕਿ ਸੱਤਾ ਪੱਖ ਅਤੇ ਵਿਰੋਧੀ ਪੱਖ ਇਕ-ਦੂਜੇ ਦੇ ਦੰਗਿਆਂ ਨੂੰ ਗਿਣਵਾਉਣ 'ਚ ਲੱਗਾ ਹੈ। ਦੰਗੇ ਚਾਹੇ ਜੋ ਵੀ ਹੁਣ ਪਰ ਉਸ 'ਚ ਮਰਦਾ ਆਮ ਇਨਸਾਨ ਹੀ ਹੈ।

3 ਦਿਨ ਤਕ ਦਿੱਲੀ ਨੂੰ ਲਾਵਾਰਿਸ ਕਿਉਂ ਛੱਡ ਦਿੱਤਾ ਗਿਆ?
ਚਰਚਾ ਦੌਰਾਨ ਮਾਨ ਨੇ ਦਿੱਲੀ ਪੁਲਸ ਨੂੰ ਸਵਾਲ ਕਰਦਿਆਂ ਕਿਹਾ ਕਿ ਦਿੱਲੀ ਪੁਲਸ ਨੇ ਕੋਈ ਐਕਸ਼ਨ ਨਹੀਂ ਲਿਆ। 3 ਦਿਨ ਤਕ ਦਿੱਲੀ ਨੂੰ ਲਾਵਾਰਿਸ ਕਿਉਂ ਛੱਡ ਦਿੱਤਾ ਗਿਆ? 1984 ਦੇ ਦੰਗਿਆਂ 'ਚ 3 ਦਿਨ ਫੌਜ ਨਹੀਂ ਗਈ ਅਤੇ ਹੁਣ ਇੱਥੇ 3 ਦਿਨ ਪੁਲਸ ਨਹੀਂ ਗਈ। ਇਨ੍ਹਾਂ ਦੰਗਿਆਂ 'ਚ ਹਿੰਦੂ ਅਤੇ ਮੁਸਲਮਾਨ ਦੋਵੇਂ ਮਰੇ ਹਨ। ਦੋਹਾਂ ਭਾਈਚਾਰਿਆਂ ਦੀਆਂ ਦੁਕਾਨਾਂ ਸੜੀਆਂ ਹਨ। 

ਸ਼ਾਹੀਨ ਬਾਗ 'ਤੇ ਬੋਲੇ ਮਾਨ—
ਮਾਨ ਨੇ ਕਿਹਾ ਕਿ ਜਦੋਂ ਦਿੱਲੀ 'ਚ ਚੋਣ ਪ੍ਰਚਾਰ ਚੱਲ ਰਿਹਾ ਸੀ ਤਾਂ ਅਸੀਂ ਔਰਤਾਂ ਦੀ ਸੁਰੱਖਿਆ, ਸਕੂਲਾਂ 'ਚ ਚੰਗੀ ਸਿੱਖਿਆ ਦੀ, ਬਿਜਲੀ-ਪਾਣੀ ਅਤੇ ਮਹੁੱਲਾ ਕਲੀਨਿਕ ਦੀ ਗੱਲ ਕੀਤੀ ਪਰ ਇਹ ਕਹਿ ਰਹੇ ਸਨ ਕਿ 'ਗੋਲੀ ਮਾਰੋ ਸਾਲਿਆਂ ਨੂੰ', ਕਿਸੇ ਨੇ ਕਿਹਾ ਕਿ 'ਅੱਤਵਾਦੀ'। ਇਕ ਚੁਣੇ ਹੋਏ ਮੁੱਖ ਮੰਤਰੀ ਨੂੰ 'ਅੱਤਵਾਦੀ' ਕਰਾਰ ਦਿੱਤਾ ਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਇੰਨੀ ਜ਼ੋਰ ਦੀ ਬਟਨ ਦਬਾਓ ਕਿ ਕਰੰਟ ਸ਼ਾਹੀਨ ਬਾਗ ਤੱਕ ਜਾਏ। ਜੇਕਰ ਗ੍ਰਹਿ ਮੰਤਰੀ ਨੂੰ ਬੋਲਣਾ ਹੀ ਸੀ ਤਾਂ ਕਹਿੰਦੇ ਇੰਨੀ ਜ਼ੋਰ ਦੀ ਬਟਨ ਦਬਾਓ ਕਿ ਕਰੰਟ ਆਮ ਆਦਮੀ ਪਾਰਟੀ ਨੂੰ ਲੱਗੇ, ਕਾਂਗਰਸ ਪਾਰਟੀ ਨੂੰ ਲੱਗੇ। ਸ਼ਾਹੀਨ ਬਾਗ ਦਾ ਕੀ ਮਤਲਬ? ਕੇਜਰੀਵਾਲ ਨੂੰ ਕਿਹਾ ਗਿਆ ਕਿ ਤੁਸੀਂ ਸ਼ਾਹੀਨ ਬਾਗ ਕਿਉਂ ਨਹੀਂ ਗਏ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕਾਨੂੰਨ ਤਾਂ ਤੁਸੀਂ ਬਣਾਇਆ, ਵਿਰੋਧ ਤੁਹਾਡੇ ਕਾਨੂੰਨ ਦਾ ਹੋ ਰਿਹਾ ਤਾਂ ਇਸ 'ਚ ਸਾਡਾ ਕੀ ਲੈਣਾ-ਦੇਣਾ। ਅਜੇ ਤਕ ਗ੍ਰਹਿ ਮੰਤਰੀ ਉੱਥੇ ਨਹੀਂ ਗਏ। ਕਿਉ? ਯੂ. ਪੀ. ਦੇ ਮੁੱਖ ਮੰਤਰੀ ਯੋਗੀ ਜੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅੱਤਵਾਦੀ ਹਨ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹੈ ਕਿ ਕੀ ਕੋਈ ਅੱਤਵਾਦੀ ਸਕੂਲ ਬਣਾਉਂਦਾ ਹੈ? ਕੀ ਕੋਈ ਅੱਤਵਾਦੀ ਕਿਸੇ ਫੌਜੀ ਜਵਾਨ ਦੀ ਸ਼ਹਾਦਤ 'ਤੇ ਇਕ ਕਰੋੜ ਦਾ ਚੈੱਕ ਦਿੰਦਾ ਹੈ। ਅਸੀਂ ਦੰਗਿਆਂ ਦੌਰਾਨ ਨੁਕਸਾਨੇ ਗਏ ਘਰਾਂ ਨੂੰ ਮੁਆਵਜਾ ਦੇ ਰਹੇ ਹਾਂ। ਅੱਜ ਦਿੱਲੀ ਵਾਸੀਆਂ ਨੇ ਸਾਬਤ ਕਰ ਦਿੱਤਾ ਕਿ ਕੇਜਰੀਵਾਲ ਦਿੱਲੀ ਦਾ ਬੇਟਾ ਹੈ। 
 


Tanu

Content Editor

Related News