ਦਿੱਲੀ ਦੰਗੇ: ਦੋਸ਼ੀ ਉਮਰ ਖਾਲਿਦ ਕੋਰਟ ''ਚ ਬੋਲੇ- ਜੇਲ ''ਚ ਗੱਲ ਕਰਨ ਦੀ ਛੋਟ ਨਹੀਂ

10/22/2020 6:32:45 PM

ਨਵੀਂ ਦਿੱਲੀ—  ਦਿੱਲੀ ਦੰਗਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਵੀਰਵਾਰ ਯਾਨੀ ਕਿ ਅੱਜ ਕੋਰਟ 'ਚ ਪੇਸ਼ੀ ਹੋਈ। ਉਮਰ ਖਾਲਿਦ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਜੇਲ 'ਚ ਆਪਣੀ ਕੋਠੜੀ ਤੋਂ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹੈ ਅਤੇ ਇਕ ਤਰ੍ਹਾਂ ਨਾਲ ਇਕਾਂਤਵਾਸ 'ਚ ਰੱਖਿਆ ਗਿਆ ਹੈ। ਨਾ ਹੀ ਕਿਸੇ ਨਾਲ ਜੇਲ ਵਿਚ ਗੱਲ ਕਰਨ ਦੀ ਛੋਟ ਹੈ। ਉਮਰ ਖਾਲਿਦ ਦੀ 14 ਦਿਨਾਂ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਰਹੀ ਸੀ। ਉਮਰ ਖਾਲਿਦ ਨੂੰ ਤਿਹਾੜ ਜੇਲ ਤੋਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੜਕੜਡੂਮਾ ਕੋਰਟ ਦੇ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ।

ਉਮਰ ਖਾਲਿਦ ਦੇ ਵਕੀਲ ਵਲੋਂ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਜੇਲ ਸੁਪਰਡੈਂਟ ਨੂੰ ਜੇਲ ਕੋਠੜੀ ਵਿਚ ਬੰਦ ਰਹਿਣ ਦੀ ਸ਼ਿਕਾਇਤ ਕਰਨ 'ਤੇ ਉਸ ਨੂੰ ਇਕ ਵਾਰ 10 ਮਿੰਟ ਲਈ ਜੇਲ 'ਚੋਂ ਬਾਹਰ ਲਿਜਾਇਆ ਗਿਆ ਪਰ ਵਾਪਸ ਫਿਰ ਬੰਦ ਕਰ ਦਿੱਤਾ ਗਿਆ। ਵਕੀਲ ਨੇ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਜੇਲ 'ਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹੈ। ਉਮਰ ਖਾਲਿਦ ਨੇ ਕਿਹਾ ਕਿ ਮੈਨੂੰ ਸੁਰੱਖਿਆ ਦੀ ਲੋੜ ਹੈ ਪਰ ਸੁਰੱਖਿਆ ਦੀ ਗੱਲ ਕਹਿ ਕੇ ਹਮੇਸ਼ਾ ਮੈਨੂੰ ਜੇਲ ਵਿਚ ਬੰਦ ਕਿਵੇਂ ਰੱਖਿਆ ਜਾ ਸਕਦਾ ਹੈ। ਉਮਰ ਨੇ ਕੋਰਟ ਨੂੰ ਇਹ ਵੀ ਕਿਹਾ ਕਿ ਜੇਲ ਪ੍ਰਸ਼ਾਸਨ ਦੀ ਸ਼ਿਕਾਇਤ ਉਹ ਕੋਰਟ 'ਚ ਕਰ ਰਿਹਾ ਹੈ, ਲਿਹਾਜ਼ਾ ਕੋਰਟ ਜੇਲ ਪ੍ਰਸ਼ਾਸਨ ਨੂੰ ਨਿਰਦੇਸ਼ ਦੇਵੇ ਕਿ ਇਸ ਲਈ ਉਸ ਨੂੰ ਤੰਗ ਨਾ ਕੀਤਾ ਜਾਵੇ। ਕੋਰਟ ਨੇ ਕੱਲ ਇਸ ਮਾਮਲੇ ਵਿਚ ਜੇਲ ਸੁਪਰਡੈਂਟ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। 

ਜ਼ਿਕਰਯੋਗ ਹੈ ਕਿ ਅਦਾਲਤ ਨੇ 17 ਅਕਤੂਬਰ ਨੂੰ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਨਿਆਂਇਕ ਹਿਰਾਸਤ ਵਿਚ ਬੰਦ ਉਮਰ ਖਾਲਿਦ ਨੂੰ ਉੱਚਿਤ ਸੁਰੱਖਿਆ ਮੁਹੱਈਆ ਕਰਵਾਏ। ਅਦਾਲਤ ਨੇ ਇਹ ਨਿਰਦੇਸ਼ ਖਾਲਿਦ ਦੀ ਬੇਨਤੀ 'ਤੇ ਦਿੱਤਾ ਸੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਨੂੰ ਜੇਲ ਵਿਚ ਉੱਚਿਤ ਸੁਰੱਖਿਆ ਮੁਹੱਈਆ ਕਰਵਾਈ ਜਾਵੇ, ਤਾਂ ਨਿਆਂਇਕ ਹਿਰਾਸਤ 'ਚ ਰਹਿਣ ਦੌਰਾਨ ਕੋਈ ਨੁਕਸਾਨ ਨਾ ਪਹੁੰਚ ਸਕੇ। ਦੱਸ ਦੇਈਏ 24 ਫਰਵਰੀ ਨੂੰ ਉੱਤਰੀ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਝੜਪ ਬੇਕਾਬੂ ਹੋਣ ਤੋਂ ਬਾਅਦ ਫਿਰਕੂ ਹਿੰਸਾ ਭੜਕ ਗਈ ਸੀ, ਜਿਸ ਵਿਚ 53 ਲੋਕਾਂ ਦੀ ਮੌਤ ਹੋਈ ਸੀ ਅਤੇ ਕਰੀਬ 200 ਲੋਕ ਜ਼ਖਮੀਂ ਹੋਏ ਸਨ।


Tanu

Content Editor

Related News