ਦਿੱਲੀ ਪੁਲਸ ਦੀ ਕਾਂਗਰਸੀ ਆਗੂਆਂ ਨੂੰ ਚਿਤਾਵਨੀ, ਧਾਰਾ 144 ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ
Friday, Aug 05, 2022 - 09:45 AM (IST)
ਨਵੀਂ ਦਿੱਲੀ- ਮਹਿੰਗਾਈ ਅਤੇ ਬੇਰੁਜ਼ਗਾਰੀ ਖ਼ਿਲਾਫ਼ ਕਾਂਗਰਸ ਅੱਜ ਯਾਨੀ ਸ਼ੁੱਕਰਵਾਰ ਨੂੰ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕਰੇਗੀ। ਦਿੱਲੀ 'ਚ ਕਾਂਗਰਸ ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਓ ਵੀ ਕਰੇਗੀ ਅਤੇ ਕਾਂਗਰਸ ਸੰਸਦ ਮੈਂਬਰ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨਗੇ। ਅੱਜ ਹੋਣ ਵਾਲੇ ਇਸ ਪ੍ਰਦਰਸ਼ਨ ਦਰਮਿਆਨ ਦਿੱਲੀ ਪੁਲਸ ਨੂੰ ਨਵੀਂ ਦਿੱਲੀ ਇਲਾਕੇ 'ਚ ਪ੍ਰਦਰਸ਼ਨ ਨੂੰ ਲੈ ਕੇ ਖੁਫ਼ੀਆ ਵਿਭਾਗ ਨੂੰ ਕੁਝ ਇਨਪੁਟਸ ਮਿਲੇ ਹਨ, ਜਿਸ ਕਾਰਨ ਅੱਜ ਖ਼ਾਸ ਤੌਰ 'ਤੇ ਪੀ.ਐੱਮ. ਰਿਹਾਇਸ਼ ਅਤੇ ਸਾਰੇ ਵੀ.ਵੀ.ਆਈ.ਪੀ. ਦੇ ਘਰਾਂ ਦੇ ਨੇੜੇ-ਤੇੜੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।
ਦਿੱਲੀ ਪੁਲਸ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਜੰਤਰ-ਮੰਤਰ ਨੂੰ ਛੱਡ ਕੇ ਪੂਰੀ ਨਵੀਂ ਦਿੱਲੀ ਇਲਾਕੇ 'ਚ ਧਾਰਾ 144 ਲਾਗੂ ਹੈ, ਲਿਹਾਜਾ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਜੇਕਰ ਧਾਰਾ 144 ਦਾ ਉਲੰਘਣ ਹੋਇਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਵੀਂ ਦਿੱਲੀ ਇਲਾਕੇ ਦੇ ਡੀ.ਸੀ.ਪੀ. ਨੇ 4 ਅਗਸਤ ਅਤੇ 2 ਅਗਸਤ ਨੂੰ ਯਾਨੀ 2 ਵਾਰ ਕਾਂਗਰਸ ਨੇਤਾ ਨੂੰ ਇਹ ਚਿੱਠੀ ਲਿਖੀ ਹੈ। ਜਾਣਕਾਰੀ ਦੇ ਨਾਲ-ਨਾਲ ਇਕ ਤਰ੍ਹਾਂ ਨਾਲ ਚਿਤਾਵਨੀ ਵੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 'ਚਲੋ ਰਾਸ਼ਟਰਪਤੀ ਭਵਨ' ਮਾਰਚ ਦੇ ਅਧੀਨ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੇ ਸੰਸਦ ਤੋਂ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦੀ ਤਿਆਰੀ ਹੈ। ਪਾਰਟੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਘਰ ਦਾ ਘਿਰਾਓ ਵੀ ਕਰਨਗੇ ਪਰ ਪੁਲਸ ਉਨ੍ਹਾਂ ਨੂੰ ਪੀ.ਐੱਮ. ਰਿਹਾਇਸ਼ ਵੱਲ ਜਾਣ ਦੀ ਮਨਜ਼ੂਰੀ ਨਹੀਂ ਦੇ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ