ਕੋਹਲੀ ਤੇ ਧੋਨੀ ਦੀਆਂ ਧੀਆਂ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਕਰਨ ਵਾਲਿਆਂ ਖ਼ਿਲਾਫ਼ ਦਿੱਲੀ ਪੁਲਸ ਦੀ ਸਖ਼ਤ ਕਾਰਵਾਈ
Monday, Jan 16, 2023 - 04:50 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਪੁਲਸ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਐੱਮ.ਐੱਸ. ਧੋਨੀ ਦੀਆਂ ਧੀਆਂ 'ਤੇ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਦੋਸ਼ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਤਕਨਾਲੋਜੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਿਟੀ ਪੁਲਿਸ ਦੇ ਸਪੈਸ਼ਲ ਸੈੱਲ ਯੂਨਿਟ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਮਾਲੀਵਾਲ ਨੇ ਐੱਫ.ਆਈ.ਆਰ. ਦੀ ਕਾਪੀ ਟਵਿੱਟਰ 'ਤੇ ਸਾਂਝੀ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਦੱਖਣੀ ਕੋਰੀਆ 'ਚ ਬਰਫ਼ਬਾਰੀ ਦੌਰਾਨ 4 ਦਰਜਨ ਤੋਂ ਵਧੇਰੇ ਵਾਹਨਾਂ ਦੀ ਜ਼ਬਰਦਸਤ ਟੱਕਰ, ਮਚੀ ਹਫੜਾ-ਦਫੜੀ
ਉਨ੍ਹਾਂ ਟਵੀਟ ਕੀਤਾ, “ਮੇਰੇ ਨੋਟਿਸ ਤੋਂ ਬਾਅਦ, ਦਿੱਲੀ ਪੁਲਸ ਨੇ ਕੋਹਲੀ ਅਤੇ ਧੋਨੀ ਦੀਆਂ ਧੀਆਂ 'ਤੇ ਕੀਤੀਆਂ ਅਸ਼ਲੀਲ ਟਿੱਪਣੀਆਂ ਦੇ ਸਬੰਧ ਵਿੱਚ ਐੱਫ.ਆਈ.ਆਰ. ਦਰਜ ਕੀਤੀ ਹੈ। ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ। ਐੱਫ.ਆਈ.ਆਰ. ਅਨੁਸਾਰ, ਡੀ.ਸੀ.ਡਬਲਯੂ. ਨੇ ਮਸ਼ਹੂਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਐੱਮ.ਐੱਸ. ਧੋਨਾ ਦੀ ਕ੍ਰਮਵਾਰ 2 ਸਾਲ ਅਤੇ 7 ਸਾਲ ਦੀਆਂ ਧੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਦਾ ਖੁਦ ਨੋਟਿਸ ਲਿਆ ਹੈ।
ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ "ਟਵਿੱਟਰ" 'ਤੇ ਇਹ ਪੋਸਟਾਂ ਨਾਬਾਲਗ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਪ੍ਰਤੀ ਅਸ਼ਲੀਲ, ਗ਼ਲਤ ਅਤੇ ਬੇਹੱਦ ਅਪਮਾਨਜਨਕ ਹਨ। ਮੇਲ ਦੇ ਨਾਲ ਕਥਿਤ ਟਵੀਟਸ ਦੇ 'ਸਕ੍ਰੀਨਸ਼ਾਟ' ਵੀ ਅਟੈਚ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਵੇਰਵਿਆਂ ਅਤੇ ਹੁਣ ਤੱਕ ਕੀਤੀ ਗਈ ਮੁੱਢਲੀ ਜਾਂਚ ਦੇ ਆਧਾਰ 'ਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67ਬੀ (ਡੀ) ਤਹਿਤ ਜੁਰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਗੱਭਰੂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।