ਹੌਜ ਖਾਸ ਬਲਾਤਕਾਰ ਮਾਮਲਾ: ਦਿੱਲੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ
02/21/2017 11:00:26 AM
ਨਵੀਂ ਦਿੱਲੀ— ਹੌਜ ਖਾਸ ਪਿੰਡ ''ਚ ਪੂਰਬੀ-ਉੱਤਰ ਦੀ ਇਕ 24 ਸਾਲਾ ਔਰਤ ਨਾਲ ਕਥਿਤ ਤੌਰ ''ਤੇ ਬਲਾਤਕਾਰ ਕਰਨ ਦੇ ਦੋਸ਼ ''ਚ ਦਿੱਲੀ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਚੰਦਰਾ ਵਿਹਾਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਪਛਾਣ ਸੋਮਵਾਰ ਦੀ ਰਾਤ ਕੀਤੀ ਗਈ। ਹਾਲਾਂਕਿ ਅਜੇ ਪੂਰਾ ਵੇਰਵਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਦਲ ਸੀ.ਸੀ.ਟੀ.ਵੀ. ਦੇ ਫੁਟੇਜ ਅਤੇ ਸਥਾਨਕ ਖੁਫੀਆ ਸੂਤਰਾਂ ਦੇ ਆਧਾਰ ''ਤੇ ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਕਰ ਰਿਹਾ ਸੀ। ਪੁਲਸ ਨੇ ਪਾਰਕਿੰਗ ''ਚ ਕੰਮ ਕਰਨ ਵਾਲੇ ਵਿਅਕਤੀਆਂ, ਡੀਅਰ ਪਾਰਕ ਦੇ ਨਿੱਜੀ ਸੁਰੱਖਿਆ ਕਰਮਚਾਰੀਆਂ ਅਤੇ ਸਥਾਨਕ ਦੁਕਾਨਦਾਰਾਂ ਤੋਂ ਵੀ ਘਟਨਾ ਦੇ ਸੰਬੰਧ ''ਚ ਪੁੱਛ-ਗਿੱਛ ਕੀਤੀ ਹੈ।
ਇਹ ਘਟਨਾ 18 ਫਰਵਰੀ ਦੀ ਰਾਤ ਦੀ ਹੈ, ਜਦੋਂ ਔਰਤ ਹੌਜ ਖਾਸ ਪਿੰਡ ''ਚ ਆਪਣੇ ਦੋਸਤਾਂ ਅਤੇ ਭਰਾ-ਭੈਣਾਂ ਨਾਲ ਪਾਰਟੀ ਕਰ ਕੇ ਆ ਰਹੀ ਸੀ। ਔਰਤ ਨੇ ਪੁਲਸ ਨੂੰ ਦੱਸਿਆ ਕਿ ਕਰੀਬ ਰਾਤ 11.30 ਵਜੇ ਇਕ ਅਣਪਛਾਤੇ ਵਿਅਕਤੀ ਨੇ ਉਸ ਨੂੰ ਘਰ ਛੱਡਣ ਦਾ ਪ੍ਰਸਤਾਵ ਦਿੱਤਾ। ਔਰਤ ਅਨੁਸਾਰ ਉਸ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸ ਦੀ ਗੱਡੀ ਕੁਝ ਦੂਰੀ ''ਤੇ ਡੀਅਰ ਪਾਰਕ ਦੇ ਕਰੀਬ ਖੜ੍ਹੀ ਹੈ। ਇਸ ਤੋਂ ਬਾਅਦ ਦੋਸ਼ੀ ਰਸਤਾ ਦੱਸਣ ਦੇ ਬਹਾਨੇ ਔਰਤ ਨੂੰ ਪਾਰਕ ਨਾਲ ਲੱਗਦੇ ਇਕ ਸੁੰਨਸਾਨ ਸਥਾਨ ''ਤੇ ਲੈ ਗਿਆ ਅਤੇ ਕਥਿਤ ਤੌਰ ''ਤੇ ਉਸ ਨਾਲ ਬਲਾਤਕਾਰ ਕੀਤਾ।