ਦਿੱਲੀ ਪੁਲਸ ਨੇ ਗੈਰ-ਕਾਨੂੰਨੀ ਹਥਿਆਰ ਗਿਰੋਹ ਦਾ ਪਰਦਾਫਾਸ਼ ਕੀਤਾ, 4 ਗ੍ਰਿਫ਼ਤਾਰ

Saturday, Oct 15, 2022 - 02:58 PM (IST)

ਦਿੱਲੀ ਪੁਲਸ ਨੇ ਗੈਰ-ਕਾਨੂੰਨੀ ਹਥਿਆਰ ਗਿਰੋਹ ਦਾ ਪਰਦਾਫਾਸ਼ ਕੀਤਾ, 4 ਗ੍ਰਿਫ਼ਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਧੰਦੇ 'ਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਕ ਹਥਿਆਰ ਨਿਰਮਾਤਾ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਭਿੰਡ ਵਾਸੀ ਰਾਜੀਵ ਓਝਾ ਅਤੇ ਲਕਸ਼ਮੀ ਨਰਾਇਣ, ਉੱਤਰ ਪ੍ਰਦੇਸ਼ ਦੇ ਇਟਾਵਾ ਵਾਸੀ ਜਨਕ ਸਿੰਘ ਅਤੇ ਦਿੱਲੀ ਦੇ ਜਾਫ਼ਰਾਬਾਦ ਵਾਸੀ ਰਾਸ਼ਿਦ ਵਜੋਂ ਹੋਈ ਹੈ। ਵਿਸ਼ੇਸ਼ ਪੁਲਸ ਕਮਿਸ਼ਨਰ (ਅਪਰਾਧ) ਰਵਿੰਦਰ ਯਾਦਵ ਨੇ ਦੱਸਿਆ ਕਿ ਪੁਲਸ ਨੇ ਪਹਿਲਾਂ ਜਹਾਂਗੀਰਪੁਰੀ 'ਚ ਜਾਲ ਵਿਛਾ ਕੇ ਸਿੰਘ ਨੂੰ ਕਾਬੂ ਕੀਤਾ ਅਤੇ ਉਸ ਦੇ ਕਬਜ਼ੇ 'ਚੋਂ ਚਾਰ ਅਰਧ-ਆਟੋਮੈਟਿਕ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਸਿੰਘ ਇਕ ਟਰੱਕ ਡਰਾਈਵਰ ਹੈ। ਉਸ ਨੇ 2019 'ਚ ਮੱਧ ਪ੍ਰਦੇਸ਼ ਤੋਂ ਦਿੱਲੀ ਅਤੇ ਉੱਤਰਾਖੰਡ ਦੇ ਹਲਦਵਾਨੀ 'ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪਹਿਲਾਂ 2021 'ਚ ਹਲਦਵਾਨੀ 'ਚ ਹਥਿਆਰਾਂ ਦੀ ਗੈਰ-ਕਾਨੂੰਨੀ ਸਪਲਾਈ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਧਿਕਾਰੀ ਨੇ ਕਿਹਾ ਕਿ ਦੋਸ਼ੀ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਹਥਿਆਰਾਂ ਦੀ ਤਸਕਰੀ ਦਾ ਆਪਣਾ ਨੈੱਟਵਰਕ ਫੈਲਾਇਆ ਅਤੇ ਪਿਛਲੇ ਤਿੰਨ ਸਾਲਾਂ 'ਚ ਇਸ ਖੇਤਰ ਵਿੱਚ ਲਗਭਗ 70 ਗੈਰ ਕਾਨੂੰਨੀ ਪਿਸਤੌਲਾਂ ਦੀ ਸਪਲਾਈ ਕੀਤੀ ਹੈ। ਯਾਦਵ ਨੇ ਦੱਸਿਆ ਕਿ ਮੁਲਜ਼ਮ ਜਨਕ ਸਿੰਘ, ਲਕਸ਼ਮੀ ਨਰਾਇਣ ਤੋਂ ਹਥਿਆਰ ਹਾਸਲ ਕਰਦਾ ਸੀ। ਪੁਲਸ ਨੇ ਨਾਰਾਇਣ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਕੋਲੋਂ 2 ਪਿਸਤੌਲ ਬਰਾਮਦ ਕੀਤੇ। ਪੁਲਸ ਅਨੁਸਾਰ ਨਰਾਇਣ ਨੇ ਖੁਲਾਸਾ ਕੀਤਾ ਕਿ ਉਸ ਨੇ ਓਝਾ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦੇ ਸਨ। ਪੁਲਸ ਨੇ ਦੱਸਿਆ ਕਿ ਰਾਜੀਵ ਓਝਾ ਮੱਧ ਪ੍ਰਦੇਸ਼ ਦੇ ਭਿੰਡ 'ਚ ਹਥਿਆਰਾਂ ਦਾ ਗੈਰ-ਕਾਨੂੰਨੀ ਨਿਰਮਾਣ ਯੂਨਿਟ ਚਲਾ ਰਿਹਾ ਸੀ। ਪੁਲਸ ਨੇ ਹਥਿਆਰ ਬਣਾਉਣ 'ਚ ਵਰਤੇ ਜਾਣ ਵਾਲੇ ਔਜ਼ਾਰ ਜ਼ਬਤ ਕਰ ਲਏ ਹਨ। ਪੁਲਸ ਅਨੁਸਾਰ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਰਾਸ਼ਿਦ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ ਜੋ ਅੱਗੇ ਇਨ੍ਹਾਂ ਹਥਿਆਰਾਂ ਨੂੰ ਦਿੱਲੀ-ਐੱਨ.ਸੀ.ਆਰ. 'ਚ ਅਪਰਾਧੀਆਂ ਨੂੰ ਵੇਚਦਾ ਸੀ। ਪੁਲਸ ਨੇ ਰਾਸ਼ਿਦ ਨੂੰ ਜਾਫਰਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ।


author

DIsha

Content Editor

Related News