ਦਿੱਲੀ ਪੁਲਸ ਨੇ ਚੀਨੀ ਡੋਰ ਦੀ ਆਨਲਾਈਨ ਵਿਕਰੀ ''ਚ ਸ਼ਾਮਲ ਗਿਰੋਹ ਦਾ ਕੀਤਾ ਪਰਦਾਫਾਸ਼, 3 ਗ੍ਰਿਫ਼ਤਾਰ
Saturday, Jul 29, 2023 - 06:39 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਪਾਬੰਦੀਸ਼ੁਦਾ ਚੀਨੀ ਡੋਰ ਦੀ ਆਨਲਾਈਨ ਵਿਕਰੀ ਕਰਨ 'ਚ ਸ਼ਾਮਲ ਇਕ ਗਿਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹਰਿਆਣਾ ਦੇ ਫਰੀਦਾਬਾਦ ਵਾਸੀ ਅਲੀ ਹਸਨ (36), ਹਰਸ਼ਵਰਧਨ ਖਤਰੀ (28) ਅਤੇ ਮਦਨਪੁਰ ਖਾਦਰ ਵਾਸੀ ਰਿਤਿਕ ਕੁਮਾਰ ਚੌਰਸੀਆ (24) ਵਜੋਂ ਹੋਈ ਹੈ। ਦੋਸ਼ੀ ਗੈਰ-ਕਾਨੂੰਨੀ ਵਪਾਰ ਲਈ ਸੋਸ਼ਲ ਮੀਡੀਆ ਸਾਈਟਸ ਅਤੇ 'ਮੋਨੋ ਕਾਈਟ' ਨਾਮ ਦੇ ਵੈੱਬਪੇਜ਼ ਦਾ ਇਸਤੇਮਾਲ ਕਰ ਰਹੇ ਸਨ।
ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਚੀਨੀ ਡੋਰ ਦੇ ਕੁੱਲ 201 ਰੋਲ ਬਰਾਮਦ ਕੀਤੇ ਗਏ। ਪੁਲਸ ਨੇ ਦੱਸਿਆ ਕਿ ਉਸ ਨੂੰ ਮਦਨਪੁਰ ਖਾਦਰ 'ਚ ਨਾਇਲਾਨ ਆਧਾਰਤ ਪਾਬੰਦੀਸ਼ੁਦਾ ਚੀਨੀ ਡੋਰ ਦੀ ਗੈਰ-ਕਾਨੂੰਨੀ ਵਿਕਰੀ ਅਤੇ ਖਰੀਦ ਬਾਰੇ ਸੂਚਨਾ ਮਿਲੀ ਸੀ। ਵਿਸ਼ੇਸ਼ ਪੁਲਸ ਸੁਪਰਡੈਂਟ ਰਵਿੰਦਰ ਸਿੰਘ ਯਾਦਵ ਨੇ ਕਿਹਾ ਕਿ ਜਾਲ ਵਿਛਾ ਕੇ ਚੌਰਸੀਆ ਨੂੰ ਫੜ ਲਿਆ ਗਿਆ ਅਤੇ ਉਸ ਦੀ ਦੁਕਾਨ 'ਚ ਤਲਾਸ਼ੀ 'ਤੇ ਚੀਨੀ ਡੋਰ ਦੇ 16 ਰੋਲ ਬਰਾਮਦ ਹੋਏ।
ਯਾਦਵ ਨੇ ਕਿਹਾ ਕਿ ਚੌਰਸੀਆ ਦੀ ਨਿਸ਼ਾਨਦੇਹੀ 'ਤੇ ਖਤਰੀ ਨੂੰ ਫਰੀਦਾਬਾਦ ਨਾਲ ਫੜਿਆ ਗਿਆ ਅਤੇ ਉਸ ਦੇ ਕਬਜ਼ੇ ਤੋਂ ਚੀਨੀ ਡੋਰ ਦੇ 69 ਰੋਲ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਖਤਰੀ ਇਨ੍ਹਾਂ ਪਾਬੰਦੀਸ਼ੁਦਾ ਡੋਰ ਨੂੰ ਆਨਲਾਈਨ, ਦੋਵੇਂ ਮਾਧਿਅਮ ਨਾਲ ਵੇਚ ਰਿਹਾ ਸੀ। ਇਸ ਤੋਂ ਬਾਅਦ ਹਸਨ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਦੇ ਘਰੋਂ ਚੀਨੀ ਡੋਰ ਦੇ 116 ਰੋਲ ਬਰਾਮਦ ਕੀਤੇ ਗਏ।