ਕਾਂਗਰਸੀ ਆਗੂ ਦੇ ਕਤਲਕਾਂਡ ''ਚ ਵੱਡੀ ਕਾਰਵਾਈ, ਅੱਤਵਾਦੀ ਅਰਸ਼ ਡੱਲਾ ਦੇ ਦੋ ਗੁਰਗੇ ਗ੍ਰਨੇਡ ਸਣੇ ਗ੍ਰਿਫ਼ਤਾਰ
Thursday, Oct 12, 2023 - 06:11 PM (IST)
ਨਵੀਂ ਦਿੱਲੀ- ਖਾਲਿਸਤਾਨ ਟਾਈਗਰ ਫੋਰਸ (KTF) ਦੇ ਨਾਮਜ਼ਦ ਅੱਤਵਾਦੀ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੇ ਦੋ ਸਾਥੀਆਂ ਨੂੰ ਦਿੱਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਕਾਊਂਟਰ ਇੰਟੈਲੀਜੈਂਸ ਟੀਮ ਨੇ ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀ ਨੂੰ ਫੜ੍ਹਿਆ ਹੈ। ਇਨ੍ਹਾਂ ਖਾਲਿਸਤਾਨੀ ਅੱਤਵਾਦੀਆਂ ਦੇ ਨਾਂ ਕਿਸ਼ਨ ਅਤੇ ਗੁਰਬਿੰਦਰ ਹਨ, ਜੋ ਕਿ ਹਾਲ ਹੀ 'ਚ ਪੰਜਾਬ ਦੇ ਮੋਗਾ 'ਚ ਇਕ ਕਾਂਗਰਸ ਆਗੂ ਅਤੇ ਪਿੰਡ ਡੱਲਾ ਦੇ ਸਰਪੰਚ ਬਲਜਿੰਦਰ ਸਿੰਘ ਬੱਲੀ ਕਤਲਕਾਂਡ ਮਗਰੋਂ ਫ਼ਰਾਰ ਚੱਲ ਰਹੇ ਸਨ।
ਇਹ ਵੀ ਪੜ੍ਹੋ- ਦਿੱਲੀ ਪੁਲਸ ਨੇ ਅਰਸ਼ ਡੱਲਾ-ਸੁੱਖਾ ਦੁਨੇਕੇ ਗਿਰੋਹ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਦੋਵੇਂ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿਚ ਸਨ। ਦੋਵੇਂ ਦਿੱਲੀ ਅਤੇ ਪੰਜਾਬ 'ਚ ਵੱਡੀ ਸਾਜ਼ਿਸ਼ ਨੂੰ ਅੰਜ਼ਾਮ ਦੇਣ ਵਾਲੇ ਸਨ, ਜੋ ਕਿ ਫੇਲ੍ਹ ਹੋ ਗਈ। ਦਰਅਸਲ ਦੇਰ ਰਾਤ ਮਿਲੀ ਸੂਹ 'ਤੇ ਕਾਰਵਾਈ ਕਰਦਿਆਂ ਦਿੱਲੀ ਪੁਲਸ ਨੇ ਦੋਹਾਂ ਗੈਂਗਸਟਰਾਂ ਨੂੰ ਫੜਨ ਲਈ ਜਾਲ ਵਿਛਾਇਆ, ਜੋ ਕਿ ਰਿੰਗ ਰੋਡ ਵੱਲ ਜਾ ਰਹੇ ਸਨ। ਮੁਕਾਬਲੇ ਤੋਂ ਬਾਅਦ ਦੋਹਾਂ ਗੈਂਗਸਟਰਾਂ ਨੂੰ ਫੜ ਲਿਆ ਗਿਆ। ਦੋਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਗ੍ਰਨੇਡ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਅਰਸ਼ ਡਾਲਾ ਨੇ ਕਾਂਗਰਸੀ ਆਗੂ ਦੇ ਕਤਲ ਦੀ ਲਈ ਜ਼ਿੰਮੇਵਾਰੀ, ਪੋਸਟ ਸਾਂਝੀ ਕਰਦਿਆਂ ਲਾਏ ਗੰਭੀਰ ਇਲਜ਼ਾਮ
ਕੌਣ ਹੈ ਅਰਸ਼ ਡੱਲਾ?
ਅਰਸ਼ ਡੱਲਾ ਜਿਸ ਨੂੰ ਅਰਸ਼ਦੀਪ ਸਿੰਘ ਗਿੱਲ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਇਕ ਅੱਤਵਾਦੀ ਹੈ ਜੋ ਇਸ ਸਮੇਂ ਕੈਨੇਡਾ ਵਿਚ ਰਹਿ ਰਿਹਾ ਹੈ। ਅਰਸ਼ ਨੇ ਕੱਟੜਪੰਥੀ ਸੰਗਠਨਾਂ ਖਾਸ ਕਰਕੇ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ. ਐਸ. ਵਾਈ. ਐਫ) ਨਾਲ ਸਬੰਧ ਸਥਾਪਿਤ ਕੀਤੇ ਹਨ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਅਰਸ਼ ਡੱਲਾ ਜੁਲਾਈ 2020 ਵਿਚ ਭਾਰਤ ਛੱਡ ਗਿਆ ਸੀ। ਭਾਰਤੀ ਖੁਫੀਆ ਏਜੰਸੀਆਂ ਨੇ ਉਸ ਦੀ ਪਛਾਣ ਕੈਨੇਡੀਅਨ ਖੇਤਰ ਤੋਂ ਸੰਚਾਲਿਤ ਹੋਣ ਵਾਲੇ ਪ੍ਰਮੁੱਖ ਖਾਲਿਸਤਾਨੀ ਸਮਰਥਕਾਂ 'ਚੋਂ ਇਕ ਦੇ ਰੂਪ ਵਿਚ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਇਹ ਜੇਲ੍ਹ ਫਿਰ ਚਰਚਾ 'ਚ, ਗੈਂਗਸਟਰ ਲਖਬੀਰ ਲੰਡਾ ਦੇ ਖ਼ਾਸਮ-ਖ਼ਾਸ ਦੇ Network ਦਾ ਪਰਦਾਫਾਸ਼
ਜਬਰੀ ਵਸੂਲੀ, ਕਤਲ ਅਤੇ ਅੱਤਵਾਦ ਦੀਆਂ ਕਾਰਵਾਈਆਂ ਸਣੇ ਕਈ ਸੰਗਠਿਤ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਅਰਸ਼ ਦਾ ਰਿਕਾਰਡ ਖਰਾਬ ਹੋ ਗਿਆ ਹੈ। ਇਨ੍ਹਾਂ ਗਤੀਵਿਧੀਆਂ ਨੇ ਹਿੰਸਾ ਭੜਕਾਉਣ ਅਤੇ ਖੇਤਰਾਂ ਨੂੰ ਅਸਥਿਰ ਕਰਨ ਉਸ ਦੀ ਸਮਰੱਥਾ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਜਨਵਰੀ 2023 ਵਿਚ ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਅਰਸ਼ ਦੇ ਗੰਭੀਰ ਖਤਰੇ ਨੂੰ ਪਛਾਣਦੇ ਹੋਏ ਉਸ ਨੂੰ ਅਧਿਕਾਰਤ ਤੌਰ 'ਤੇ ਇਕ ਅੱਤਵਾਦੀ ਵਜੋਂ ਐਲਾਨ ਕੀਤਾ। 2021 ਵਿਚ ਅਰਸ਼ ਨੇ ਗੁਰਜੰਟ ਸਿੰਘ ਜੰਟੀ ਅਤੇ ਲਖਬੀਰ ਸਿੰਘ ਰੋਡੇ ਨਾਲ ਮਿਲ ਕੇ ਹਰਿਆਣਾ ਵਿਚ ਸਰਗਰਮ ਚਾਰ ਮੈਂਬਰੀ KTF ਮੋਡਿਊਲ ਦੀ ਸਥਾਪਨਾ ਕੀਤੀ, ਜੋ ਖਾਲਿਸਤਾਨ ਪੱਖੀ ਗਤੀਵਿਧੀਆਂ ਅਤੇ ਕੱਟੜਪੰਥੀ ਕਾਰਨਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8