ਦਿੱਲੀ ਪੁਲਸ ਨੇ 1200km ਦੀ ਭਾਲ ਪਿੱਛੋਂ ਬਿਹਾਰ ’ਚ ਕਾਰ ਚੋਰ ਨੂੰ ਕੀਤਾ ਗ੍ਰਿਫ਼ਤਾਰ
Saturday, Nov 15, 2025 - 12:52 AM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਨੇ ਕਾਰ ਚੋਰੀ ਦੇ ਮਾਮਲੇ ’ਚ 1,200 ਕਿਲੋਮੀਟਰ ਦੀ ਭਾਲ ਪਿੱਛੋਂ ਬਿਹਾਰ ਦੇ ਵੈਸ਼ਾਲੀ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਮੁਲਜ਼ਮ ਚੰਦਨ (30) ਨੇ ਕਥਿਤ ਤੌਰ ’ਤੇ ਆਪਣੇ ਸਾਥੀ ਅਮੀਰ ਨਾਲ ਮਿਲ ਕੇ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਲਈ ਚੋਰੀ ਕੀਤੀ ਕਾਰ ਦੀ ਵਰਤੋਂ ਕਰਨ ਦੀ ਸਾਜ਼ਿਸ਼ ਰਚੀ ਸੀ। ਦਿੱਲੀ ਦੇ ਦਵਾਰਕਾ ਦੇ ਇਕ ਪੁਲਸ ਸਟੇਸ਼ਨ ਨੂੰ 27 ਸਤੰਬਰ ਨੂੰ ਕਾਰ ਚੋਰੀ ਦੀ ਸੂਚਨਾ ਮਿਲੀ ਸੀ। ਮੁਲਜ਼ਮ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਕੋਲੋਂ ਕਾਰ ਚੋਰੀ ਕੀਤੀ ਸੀ।
ਪੁਲਸ ਨੇ ਕਈ ਥਾਵਾਂ ’ਤੇ ਸੀ. ਸੀ. ਟੀ. ਵੀ ਫੁਟੇਜ ਦੀ ਜਾਂਚ ਕੀਤੀ ਤੇ ਆਗਰਾ ਨੇੜੇ ਯਮੁਨਾ ਐਕਸਪ੍ਰੈਸਵੇਅ ’ਤੇ ਚੋਰੀ ਹੋਈ ਕਾਰ ਦੀ ਸਰਗਰਮੀ ਨੂੰ ਟਰੈਕ ਕੀਤਾ। ਜਦੋਂ ਤੱਕ ਕਾਰ ਦੀ ਸਥਿਤੀ ਦਾ ਪਤਾ ਲੱਗਿਆ, ਮੁਲਜ਼ਮ ਲਗਭਗ 500 ਕਿਲੋਮੀਟਰ ਅੱਗੇ ਨਿਕਲ ਗਿਆ ਸੀ। ਪੁਲਸ ਟੀਮ ਨੇ ਲਗਭਗ 1200 ਕਿਲੋਮੀਟਰ ਨੂੰ ਕਵਰ ਕਰਦੇ ਹੋਏ ਇਕ ਤਲਾਸ਼ੀ ਮੁਹਿੰਮ ਚਲਾਈ ਤੇ ਅੰਤ ’ਚ ਚੰਦਨ ਨੂੰ ਬਿਹਾਰ ’ਚ ਗ੍ਰਿਫ਼ਤਾਰ ਕਰ ਲਿਆ।
