ਬਿਹਾਰ ਤੇ ਝਾਰਖੰਡ ’ਚ 6 ਸਾਈਬਰ ਠੱਗ ਗ੍ਰਿਫਤਾਰ
Sunday, Jul 07, 2024 - 08:53 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਕਮਿਸ਼ਨ ਦੇ ਅਧਾਰ ’ਤੇ ਆਪਣੇ ਬੈਂਕ ਖਾਤੇ ‘ਵੇਚਣ’ ਤੇ ਲੋਕਾਂ ਨਾਲ ਧੋਖਾਦੇਹੀ ਕਰਨ ਵਾਲੇ 6 ਸਾਈਬਰ ਠੱਗਾਂ ਨੂੰ ਬਿਹਾਰ ਤੇ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰੋਸ਼ਨ ਕੁਮਾਰ ਸ਼ੁਕਲਾ, ਸ਼ਵਿੰਦਰ ਕੁਮਾਰ, ਤੁਸ਼ਾਰ ਕਰਮਾਕਰ, ਸਾਗਰ ਕਰਮਾਕਰ, ਰਾਹੁਲ ਪਾਤਰੋ ਤੇ ਰਾਜੂ ਪਾਤਰੋ ਵਜੋਂ ਹੋਈ ਹੈ।
ਪੁਲਸ ਅਨੁਸਾਰ ਸ਼ਿਕਾਇਤਕਰਤਾ ਔਰਤ ਨੇ ਇਕ ਆਨਲਾਈਨ ਇਸ਼ਤਿਹਾਰ ਵੇਖਿਆ ਜਿਸ ’ਚ ਇਕ ਵਿਅਕਤੀ ਨੇ ਆਪਣੇ ਬਿਮਾਰ ਰਿਸ਼ਤੇਦਾਰ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ। ਐਰਤ ਨੇ ਪੋਸਟ ਦੇ ਹੇਠਾਂ ਆਪਣਾ ਫ਼ੋਨ ਨੰਬਰ ਦੇ ਦਿੱਤਾ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣੀ ਪੱਛਮੀ) ਰੋਹਿਤ ਮੀਨਾ ਨੇ ਦੱਸਿਆ ਕਿ ਪਿਛਲੇ ਸਾਲ 2 ਦਸੰਬਰ ਨੂੰ ਇਕ ਵਿਅਕਤੀ ਨੇ ਔਰਤ ਨੂੰ ਅਣਪਛਾਤੇ ਨੰਬਰ ਤੋਂ ਫ਼ੋਨ ਕਰ ਕੇ ਕਿਹਾ ਕਿ ਉਸ ਦੇ ਰਿਸ਼ਤੇਦਾਰ ਨੂੰ ਇਲਾਜ ਲਈ ਪੈਸੇ ਚਾਹੀਦੇ ਹਨ।
ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਫੋਨ ਕਰ ਕੇ ਕਿਹਾ ਕਿ ਉਸ ਦਾ ਦੋਸਤ ਰੌਸ਼ਨ ਕੁਮਾਰ ਸ਼ੁਕਲਾ ਇਸ ਸਬੰਧੀ ਫੋਨ ਕਰੇਗਾ। ਥੋੜੇ ਸਮੇ ਪਿੱਛੋਂ ਸ਼ਿਕਾਇਤਕਰਤਾ ਨੂੰ ਕਿਸੇ ਹੋਰ ਮੋਬਾਈਲ ਨੰਬਰ ਤੋਂ ਵ੍ਹਟਸਐਪ ਕਾਲ ਆਈ।
3 ਦਸੰਬਰ ਨੂੰ ਸ਼ਿਕਾਇਤਕਰਤਾ ਨੇ 3 ਲੱਖ ਰੁਪਏ ਸਹਾਇਤਾ ਵਜੋਂ ਭੇਜੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਫ਼ੋਨ ਬੰਦ ਕਰ ਦਿੱਤਾ। ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੇ ਖਾਤਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਵੱਖ-ਵੱਖ ਬੈਂਕ ਖਾਤਿਆਂ ’ਚ ਕਰੀਬ 36 ਲੱਖ ਰੁਪਏ ਜਮ੍ਹਾ ਹਨ।