ਲੱਦਾਖ ਝੜਪ : ਪੀ. ਐੱਮ. ਮੋਦੀ ਬੋਲੇ- 'ਸਾਡੇ ਫ਼ੌਜੀ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਵੇਗੀ'

Wednesday, Jun 17, 2020 - 03:45 PM (IST)

ਨਵੀਂ ਦਿੱਲੀ— ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਵਿਚ 20 ਭਾਰਤੀ ਜਵਾਨਾਂ ਦੀ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ 'ਚ ਚੀਨ ਨਾਲ ਵਿਵਾਦ 'ਤੇ ਬੁੱਧਵਾਰ ਨੂੰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਫ਼ੌਜੀ ਜਵਾਨਾਂ ਦੀ ਸ਼ਹਾਦਤ ਹੋਈ ਹੈ, ਉਹ ਬੇਕਾਰ ਨਹੀਂ ਜਾਵੇਗੀ। ਦੇਸ਼ ਨੂੰ ਸ਼ਹਾਦਤ 'ਤੇ ਮਾਣ ਹੈ, ਵੀਰ ਫ਼ੌਜੀ ਸਰਹੱਦ 'ਤੇ ਮਾਰਦੇ-ਮਾਰਦੇ ਮਰੇ ਹਨ। ਚੀਨ ਨੂੰ ਸਖਤ ਸ਼ਬਦਾਂ 'ਚ ਬਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਿਸੇ ਨੂੰ ਭੁਲੇਖਾ ਅਤੇ ਸ਼ੱਕ ਨਹੀਂ ਹੋਣਾ ਚਾਹੀਦਾ। ਕੋਈ ਸਾਡੀ ਤਾਕਤ ਨੂੰ ਲੈ ਕੇ ਭੁਲੇਖੇ 'ਚ ਨਾ ਰਹੇ। ਭਾਰਤ ਉਕਸਾਵੇ ਦਾ ਉੱਚਿਤ ਜਵਾਬ ਦੇਣ 'ਚ ਸਮਰੱਥ ਹੈ। ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਜਵਾਬ ਦੇਣਾ ਵੀ ਜਾਣਦਾ ਹੈ। ਭਾਰਤ ਆਪਣੀ ਅਖੰਡਤਾ ਨਾਲ ਕਦੇ ਸਮਝੌਤਾ ਨਹੀਂ ਕਰੇਗਾ। 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਨਾਲ ਨਜਿੱਠਣ ਨੂੰ ਲੈ ਕੇ 15 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰ ਰਹੇ ਹਨ। ਇਸ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਚੀਨ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਫ਼ੌਜੀਆਂ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ ਅਤੇ ਇਸ਼ ਦੇ ਨਾਲ ਹੀ 2 ਮਿੰਟ ਦਾ ਮੌਨ ਰੱਖਿਆ ਗਿਆ। 

ਜ਼ਿਕਰਯੋਗ ਹੈ ਕਿ 15 ਜੂਨ ਦੀ ਰਾਤ ਲੱਦਾਖ ਦੀ ਗਲਵਾਨ ਘਾਟੀ 'ਚ ਐੱਲ. ਏ. ਸੀ. 'ਤੇ ਚੀਨ ਅਤੇ ਭਾਰਤ ਦੀ ਫ਼ੌਜ ਵਿਚ ਹਿੰਸਕ ਝੜਪ ਹੋਈ ਹੈ। ਇਸ ਹਿੰਸਾ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਇਹ ਵੀ ਹੈ ਕਿ ਚੀਨ ਦੇ ਕਰੀਬ 40 ਜਵਾਨ ਮਰੇ ਜਾਂ ਜ਼ਖਮੀ ਹੋਏ ਹਨ ਪਰ ਚੀਨ ਨੇ ਅਧਿਕਾਰਤ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਸਰਹੱਦ 'ਤੇ ਤਣਾਅ ਹੈ, ਹਾਲਾਂਕਿ ਗੱਲਬਾਤ ਵੀ ਚੱਲ ਰਹੀ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨੇ 19 ਜੂਨ ਨੂੰ ਸਾਰੇ ਦਲਾਂ ਨਾਲ ਬੈਠਕ ਬੁਲਾਈ ਹੈ।


Tanu

Content Editor

Related News