ਦਿੱਲੀ : ਓਡ-ਈਵਨ ਦਾ ਅੱਜ ਆਖਰੀ ਦਿਨ, ਪ੍ਰਦੂਸ਼ਣ ਕਾਰਨ ਵਧ ਸਕਦੀ ਹੈ ਸਕੀਮ
Friday, Nov 15, 2019 - 11:59 AM (IST)
ਨਵੀਂ ਦਿੱਲੀ— ਦਿੱਲੀ 'ਚ ਕੁਝ ਦਿਨਾਂ ਤੋਂ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ ਅਤੇ ਏਅਰ ਕਵਾਲਿਟੀ ਵੀ ਖਤਰਨਾਕ ਪੱਧਰ ਨੂੰ ਪਾਰ ਕਰ ਕੇ ਐਮਰਜੈਂਸੀ 'ਚ ਪਹੁੰਚ ਗਈ ਹੈ। ਇਸ ਦਰਮਿਆਨ ਦਿੱਲੀ 'ਚ 4 ਨਵੰਬਰ ਨੂੰ ਸ਼ੁਰੂ ਹੋਈ ਓਡ-ਈਵਨ ਯੋਜਨਾ ਦਾ ਸ਼ੁੱਕਰਵਾਰ ਯਾਨੀ ਕਿ 15 ਨਵੰਬਰ ਨੂੰ ਆਖਰੀ ਦਿਨ ਹੈ। ਹਾਲਾਂਕਿ ਇਸ ਯੋਜਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਪਰ ਹਾਲੇ ਤੱਕ ਇਸ 'ਤੇ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਅੱਜ ਓਡ-ਈਵਨ ਯੋਜਨਾ ਦੀ ਸਮੇਂ-ਹੱਦ ਨੂੰ ਅੱਗੇ ਵਧਾਏ ਜਾਣ ਦਾ ਫੈਸਲਾ ਲੈ ਸਕਦੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਲੋੜ ਪੈਣ 'ਤੇ ਓਡ-ਈਵਨ ਯੋਜਨਾ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਲੋਕਾਂ ਦੀ ਸਿਹਤ ਦੀ ਚਿੰਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਇੰਨੀ ਧੁੰਦ ਹੋ ਗਈ ਹੈ ਕਿ ਰਾਜਧਾਨੀ ਦੀ ਅਕਸ ਖਰਾਬ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਦਿੱਲੀ-ਐੱਨ.ਸੀ.ਆਰ. ਦੇ ਕਈ ਇਲਾਕਿਆਂ 'ਚ ਏਅਰ ਕਵਾਲਿਟੀ ਇੰਡੈਕਸ 700 ਦੇ ਪਾਰ ਪਹੁੰਚ ਗਿਆ। ਦਿੱਲੀ ਦੀ ਵਿਗੜਦੀ ਹਵਾ ਲਈ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।