ISBT ''ਚ ਖੜ੍ਹੀ ਬੱਸ ''ਚ ਨਾਬਾਲਗਾ ਨਾਲ ਜਬਰ-ਜ਼ਨਾਹ ਮਾਮਲੇ ''ਚ ਵੱਡੀ ਸਫ਼ਲਤਾ, ਡਰਾਈਵਰ ਸਣੇ 5 ਦੋਸ਼ੀ ਗ੍ਰਿਫ਼ਤਾਰ
Monday, Aug 19, 2024 - 05:28 AM (IST)
ਨੈਸ਼ਨਲ ਡੈਸਕ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਅੰਤਰਰਾਜੀ ਬੱਸ ਸਟੈਂਡ (ISBT) 'ਤੇ ਦਿੱਲੀ ਤੋਂ ਆ ਰਹੀ ਬੱਸ 'ਚ ਨਾਬਾਲਗ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ 'ਚ ਪੁਲਸ ਨੇ ਐਤਵਾਰ ਨੂੰ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੇਹਰਾਦੂਨ ਦੇ ਸੀਨੀਅਰ ਪੁਲਸ ਕਪਤਾਨ ਅਜੈ ਸਿੰਘ ਨੇ ਇੱਥੇ ਦੱਸਿਆ ਕਿ 12 ਅਗਸਤ ਨੂੰ ਵਾਪਰੀ ਘਟਨਾ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਲ ਹੈ, ਜਿਸ ਵਿਚ ਇਹ ਅਪਰਾਧ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਵਾਪਰੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਕੇ ਘਟਨਾ 'ਚ ਵਰਤੀ ਗਈ ਉੱਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਸ਼ਨਾਖਤ ਕਰਕੇ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਧਰਮਿੰਦਰ ਕੁਮਾਰ (32) ਅਤੇ ਰਾਜਪਾਲ (57) ਵਾਸੀ ਬੁੱਗਾਵਾਲਾ, ਹਰਿਦੁਆਰ, ਉੱਤਰਾਖੰਡ, ਦੇਵੇਂਦਰ (52) ਵਾਸੀ ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ, ਦੇਹਰਾਦੂਨ ਦੇ ਪਟੇਲ ਨਗਰ ਨਿਵਾਸੀ ਰਾਜੇਸ਼ ਕੁਮਾਰ ਸੋਨਕ (38) ਅਤੇ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਦੇ ਨਵਾਬਗੰਜ ਦੇ ਰਹਿਣ ਵਾਲੇ ਰਵੀ ਕੁਮਾਰ (34) ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਵਰਤੀ ਗਈ ਬੱਸ ਦਾ ਡਰਾਈਵਰ ਧਮੇਂਦਰ ਕੁਮਾਰ ਹੈ ਅਤੇ ਦੇਵੇਂਦਰ ਕੰਡਕਟਰ ਹੈ। ਰਵੀ ਕੁਮਾਰ ਅਤੇ ਰਾਜਪਾਲ ਦੂਜੀਆਂ ਬੱਸਾਂ ਦੇ ਡਰਾਈਵਰ ਹਨ ਜਦਕਿ ਸੋਨਕਰ ਬੱਸ ਸਟੈਂਡ 'ਤੇ ਤਾਇਨਾਤ ਉੱਤਰਾਖੰਡ ਰੋਡਵੇਜ਼ ਦਾ ਕੈਸ਼ੀਅਰ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿਚ ਵਰਤੀ ਗਈ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਫੋਰੈਂਸਿਕ ਟੀਮ ਨੇ ਬੱਸ ਵਿੱਚੋਂ ਲੋੜੀਂਦੇ ਸਬੂਤ ਇਕੱਠੇ ਕਰ ਲਏ ਹਨ।
ਇਹ ਵੀ ਪੜ੍ਹੋ : ਭੰਡਾਰੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ; ਗਰਮ ਸਬਜ਼ੀ ਦੇ ਭਾਂਡੇ 'ਚ ਡਿੱਗੀਆਂ 2 ਲੜਕੀਆਂ, ਇਕ ਦੀ ਮੌਤ
ਜਾਣਕਾਰੀ ਮੁਤਾਬਕ, ਬੀਤੀ 12 ਅਗਸਤ ਦੀ ਦੇਰ ਰਾਤ ਆਈਐੱਸਬੀਟੀ ਦੇਹਰਾਦੂਨ ਦੇ ਪਲੇਟਫਾਰਮ ਨੰਬਰ 12 ’ਤੇ ਇਕ 16-17 ਸਾਲ ਦੀ ਲੜਕੀ ਨੂੰ ਬੈਂਚ ’ਤੇ ਬੈਠੀ ਦੇਖ ਕੇ ਇਸ ਦੀ ਸੂਚਨਾ ਦੇਹਰਾਦੂਨ ਬਾਲ ਭਲਾਈ ਕਮੇਟੀ ਨੂੰ ਦਿੱਤੀ ਗਈ, ਜਿਸ ਨੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਰਕਾਰੀ ਬਾਲਿਕਾ ਨਿਕੇਤਨ ਭੇਜ ਦਿੱਤਾ। ਬਾਲਿਕਾ ਨਿਕੇਤਨ 'ਚ ਕਾਊਂਸਲਿੰਗ ਦੌਰਾਨ ਲੜਕੀ ਨੇ ਕਥਿਤ ਜਬਰ-ਜ਼ਨਾਹ ਬਾਰੇ ਦੱਸਿਆ, ਜਿਸ ਤੋਂ ਬਾਅਦ ਕਮੇਟੀ ਮੈਂਬਰ ਪ੍ਰਤਿਭਾ ਜੋਸ਼ੀ ਨੇ ਸ਼ਨੀਵਾਰ ਸ਼ਾਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 70 (2) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਪਟੇਲ ਨਗਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।
ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਘਟਨਾ ਦੀ ਜਾਂਚ ਲਈ ਵਿਸ਼ੇਸ਼ ਪੁਲਸ ਟੀਮ ਗਠਿਤ ਕਰਨ ਤੋਂ ਇਲਾਵਾ ਉਹ ਖੁਦ ਪੀੜਤ ਲੜਕੀ ਨੂੰ ਮਿਲੇ ਅਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਉਸ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਲੜਕੀ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨਹੀਂ ਹਨ ਅਤੇ ਉਹ ਪੰਜਾਬ ਦੀ ਰਹਿਣ ਵਾਲੀ ਹੈ। ਬਾਅਦ ਵਿਚ ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੀ ਵਸਨੀਕ ਹੈ ਅਤੇ ਉਹ ਪਹਿਲਾਂ ਮੁਰਾਦਾਬਾਦ ਤੋਂ ਦਿੱਲੀ ਗਈ ਅਤੇ ਫਿਰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਬੱਸ ਲੈ ਕੇ ਦੇਹਰਾਦੂਨ ਗਈ, ਜਿੱਥੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8