ਸੈਂਟਰਲ ਵਿਸਟਾ ਦੇਖਣ ਦੇ ਚਾਹਵਾਨ ਲੋਕਾਂ ਲਈ ਸ਼ੁੱਕਰਵਾਰ ਤੋਂ ਬੱਸ ਸੇਵਾ ਉਪਲੱਬਧ ਕਰਵਾਏਗੀ ਦਿੱਲੀ ਮੈਟਰੋ
Thursday, Sep 08, 2022 - 06:47 PM (IST)
ਨਵੀਂ ਦਿੱਲੀ (ਭਾਸ਼ਾ)- ਸੈਂਟਰਲ ਵਿਸਟਾ ਦੇਖਣ ਦੇ ਚਾਹਵਾਨ ਲੋਕਾਂ ਲਈ ਦਿੱਲੀ ਮੈਟਰੋ ਸ਼ੁੱਕਰਵਾਰ ਤੋਂ ਇਕ ਹਫ਼ਤੇ ਲਈ ਈ-ਬੱਸ ਸੇਵਾ ਉਪਲੱਬਧ ਕਰਵਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਸ਼ਾਮ ਨੂੰ ਨਵੇਂ ਬਣੇ ਕਰਤੱਵ ਪੱਥ ਦਾ ਉਦਘਾਟਨ ਕਰਨਗੇ। 'ਕਰਤੱਵ ਪੱਥ' ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦਾ ਰਸਤਾ ਹੈ, ਜਿਸ ਨੂੰ ਪਹਿਲੇ ਰਾਜਪਥ ਕਿਹਾ ਜਾਂਦਾ ਸੀ। ਦਿੱਲੀ ਮੈਟਰੋ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਕਿ ਉਹ ਉਦਘਾਟਨ ਤੋਂ ਬਾਅਦ 9 ਸਤੰਬਰ ਤੋਂ ਇੰਡੀਆ ਗੇਟ ਜਾਂ ਸੈਂਟਰਲ ਵਿਸਟਾ ਜਾਣ ਵਾਲਿਆਂ ਲਈ ਬੱਸ ਸੇਵਾ ਪ੍ਰਦਾਨ ਕਰਵਾਏਗੀ।
ਯਾਤਰੀ ਭੈਰੋਂ ਰੋਡ, ਰਾਜਘਾਟ, ਕਨਾਟ ਪਲੇਸ (ਪਾਲਿਕਾ ਬਾਜ਼ਾਰ ਪਾਰਕਿੰਗ ਦੇ ਨੇੜੇ) ਅਤੇ ਜੇਐੱਲਐੱਨ ਸਟੇਡੀਅਮ ਤੋਂ ਬੱਸਾਂ ਵਿਚ ਸਵਾਰ ਹੋ ਸਕਦੇ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਕਿਹਾ ਕਿ ਦਿੱਲੀ ਮੈਟਰੋ ਦੁਆਰਾ ਤਾਇਨਾਤ ਇਲੈਕਟ੍ਰਿਕ ਬੱਸਾਂ ਭੈਰੋਂ ਰੋਡ ਤੋਂ ਸੈਲਾਨੀਆਂ ਨੂੰ ਲੈਣਗੀਆਂ ਅਤੇ ਸੀ-ਹੈਕਸਾਗਨ ਦੇ ਸਾਹਮਣੇ ਨੈਸ਼ਨਲ ਸਟੇਡੀਅਮ ਦੇ ਗੇਟ ਨੰਬਰ 1 'ਤੇ ਉਤਰਨਗੀਆਂ, ਜਿੱਥੋਂ ਪੈਦਲ ਹੀ ਇੰਡੀਆ ਗੇਟ ਜਾਂ ਸੈਂਟਰਲ ਵਿਸਟਾ ਤੱਕ ਪੈਦਲ ਪਹੁੰਚਿਆ ਜਾ ਸਕਦਾ ਹੈ। ਇਹ ਸਹੂਲਤ ਸ਼ੁਰੂ ਵਿਚ ਇਕ ਹਫ਼ਤੇ ਲਈ ਉਪਲਬਧ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰੂਟ 'ਤੇ 12 ਬੱਸਾਂ ਚਲਾਈਆਂ ਜਾਣਗੀਆਂ। ਇਹ ਬੱਸਾਂ ਸ਼ਾਮ 5 ਵਜੇ ਤੋਂ ਸੈਲਾਨੀਆਂ ਲਈ ਉਪਲਬਧ ਹੋਣਗੀਆਂ ਅਤੇ ਆਖਰੀ ਬੱਸ ਰਾਤ 9 ਵਜੇ ਚੱਲੇਗੀ।