ਦਿੱਲੀ: ਕਿਸਾਨਾਂ ਨਾਲ ਕੇਜਰੀਵਾਲ ਦੀ ਅਹਿਮ ਬੈਠਕ, ਖੇਤੀ ਕਾਨੂੰਨਾਂ ’ਤੇ ਹੋ ਰਹੀ ਚਰਚਾ
Sunday, Feb 21, 2021 - 02:45 PM (IST)
ਨਵੀਂ ਦਿੱਲੀ— ਖੇਤੀ ਕਾਨੂੰਨਾਂ ਦੀਆਂ ਖ਼ਾਮੀਆਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਕਰੀਬ ਢਾਈ ਮਹੀਨੇ ਤੋਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਕਿਸਾਨ ਆਗੂਆਂ ਨੂੰ ਮੁਲਾਕਾਤ ਲਈ ਬੁਲਾਇਆ ਹੈ। ਦੁਪਹਿਰ ਦੇ ਭੋਜਨ ਮਗਰੋਂ ਕਿਸਾਨਾਂ ਨਾਲ ਚਰਚਾ ਸ਼ੁਰੂ ਹੋ ਗਈ ਹੈ। ਦਿੱਲੀ ਵਿਧਾਨ ਸਭਾ ਕੰਪਲੈਕਸ ’ਚ ਇਹ ਬੈਠਕ ਹੋ ਰਹੀ ਹੈ। ਇਸ ਬੈਠਕ ਵਿਚ ਉੱਤਰ ਪ੍ਰਦੇਸ਼ ਦੇ ਵੱਡੇ ਕਿਸਾਨ ਨੇਤਾ ਸ਼ਾਮਲ ਹਨ।
ਇਸ ਬੈਠਕ ਵਿਚ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਵੀ ਸ਼ਾਮਲ ਹਨ। ਮੁੱਖ ਮੰਤਰੀ ਇਸ ਬੈਠਕ ’ਚ ਖੇਤੀ ਕਾਨੂੰਨਾਂ ਦੀ ਖ਼ਾਮੀਆਂ ਨੂੰ ਲੈ ਕੇ ਕਿਸਾਨ ਆਗੂਆਂ ਦੀ ਗੱਲ ਸੁਣ ਰਹੇ ਹਨ ਅਤੇ ਉਸ ’ਤੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਚਰਚਾ ਕਰ ਰਹੇ ਹਨ। ਦੱਸ ਦੇਈਏ ਕਿ ਮੁੱਖ ਮੰਤਰੀ ਅਰਵਿੰਦ ਸ਼ੁਰੂਆਤ ਤੋਂ ਹੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਕੇਜਰੀਵਾਲ ਕਈ ਵਾਰ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰ ਚੁੱਕੇ ਹਨ। ਦਿੱਲੀ ਸਰਕਾਰ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਪਹਿਲੇ ਦਿਨ ਤੋਂ ਹੀ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੂੰ ਹਰ ਸੰਭਵ ਮਦਦ ਵੀ ਮੁਹੱਈਆ ਕਰਵਾ ਰਹੀ ਹੈ।
ਕਿਸਾਨ ਆਗੂਆਂ ਨਾਲ ਕੇਜਰੀਵਾਲ ਦੀ ਚਰਚਾ ਆਉਣ ਵਾਲੀ 28 ਫਰਵਰੀ ਨੂੰ ਮੇਰਠ ’ਚ ਹੋਣ ਵਾਲੀ ਕਿਸਾਨ ਪੰਚਾਇਤ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੇਜਰੀਵਾਲ 28 ਫਰਵਰੀ ਨੂੰ ਮੇਰਠ ’ਚ ਹੋਣ ਵਾਲੀ ਕਿਸਾਨ ਪੰਚਾਇਤ ਨੂੰ ਸੰਬੋਧਨ ਕਰਨਗੇ। ਇਹ ਵੀ ਵਜ੍ਹਾ ਹੈ ਕਿ ਉਸ ਪੰਚਾਇਤ ਤੋਂ ਪਹਿਲਾਂ ਉਹ ਕਿਸਾਨਾਂ ਦੀਆਂ ਸਮੱਸਿਆ ਨੂੰ ਉਨ੍ਹਾਂ ਤੋਂ ਸਮਝਣਾ ਚਾਹੰੁਦੇ ਹਨ।