ਭਲਕੇ ਦਿੱਲੀ ਨੂੰ ਮਿਲੇਗਾ ਮੇਅਰ ਅਤੇ ਡਿਪਟੀ ਮੇਅਰ, MCD ਦੀ ਹੋਵੇਗੀ ਬੈਠਕ

Monday, Jan 23, 2023 - 03:12 PM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਹਾਲ ਹੀ 'ਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਸਦਨ ਦੀ ਦੂਜੀ ਬੈਠਕ ਮੰਗਲਵਾਰ ਨੂੰ ਹੋਵੇਗੀ, ਜਿਸ 'ਚ ਦਿੱਲੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। ਨਗਰ ਨਿਗਮ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਸਦਨ ਦੀ ਪਹਿਲੀ ਮੀਟਿੰਗ 'ਚ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਦੇ ਮੈਂਬਰ ਆਪਸ 'ਚ ਭਿੜ ਜਾਣ ਅਤੇ ਹੰਗਾਮਾ ਕਰਨ ਮਗਰੋਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ, ਜਿਸ ਕਾਰਨ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋ ਸਕੀ।

ਦਿੱਲੀ ਨਗਰ ਨਿਗਮ (MCD) ਦੀਆਂ ਚੋਣਾਂ 4 ਦਸੰਬਰ ਨੂੰ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਈ ਸੀ। 'ਆਪ' ਨੇ 134 ਵਾਰਡ ਜਿੱਤ ਕੇ MCD 'ਚ ਭਾਜਪਾ ਦੇ 15 ਸਾਲਾਂ ਦੇ ਸ਼ਾਸਨ ਦਾ ਅੰਤ ਕੀਤਾ। 250 ਮੈਂਬਰੀ MCD ਸਦਨ 'ਚ ਭਾਜਪਾ ਨੇ 104 ਵਾਰਡ ਜਿੱਤੇ ਹਨ, ਜਦੋਂ ਕਿ ਕਾਂਗਰਸ ਨੇ 9 ਵਾਰਡ ਜਿੱਤੇ ਹਨ। ਮੇਅਰ ਦੇ ਉਮੀਦਵਾਰਾਂ 'ਚ ਸ਼ੈਲੀ ਓਬਰਾਏ ਅਤੇ ਆਸ਼ੂ ਠਾਕੁਰ (ਆਪ) ਅਤੇ ਰੇਖਾ ਗੁਪਤਾ (ਭਾਜਪਾ) ਸ਼ਾਮਲ ਹਨ। ਓਬਰਾਏ ‘ਆਪ’ ਦੇ ਮੁੱਖ ਦਾਅਵੇਦਾਰ ਹਨ। ਡਿਪਟੀ ਮੇਅਰ ਦੇ ਅਹੁਦੇ ਲਈ ਆਲੇ ਮੁਹੰਮਦ ਇਕਬਾਲ ਅਤੇ ਜਲਜ ਕੁਮਾਰ (ਆਪ) ਅਤੇ ਕਮਲ ਬਾਗਦੀ (ਭਾਜਪਾ) ਦੇ ਉਮੀਦਵਾਰ ਹਨ।

ਦੱਸ ਦੇਈਏ ਕਿ ਦਿੱਲੀ ਨਗਰ ਨਿਗਮ ਅਪ੍ਰੈਲ 1958 ਵਿਚ ਬਣਾਈ ਗਈ ਸੀ ਅਤੇ ਇਸਦੇ ਮੇਅਰ ਕੋਲ 2012 ਤੱਕ ਪ੍ਰਭਾਵਸ਼ਾਲੀ ਸ਼ਕਤੀਆਂ ਸਨ। ਸਾਲ 2012 'ਚ ਨਿਗਮ ਨੂੰ ਤਿੰਨ ਵੱਖ-ਵੱਖ ਨਗਰ ਨਿਗਮਾਂ 'ਚ ਵੰਡਿਆ ਗਿਆ ਸੀ ਅਤੇ ਹਰੇਕ ਦਾ ਆਪਣਾ ਮੇਅਰ ਸੀ ਪਰ 2022 'ਚ ਕੇਂਦਰ ਨੇ ਉੱਤਰੀ ਦਿੱਲੀ ਨਗਰ ਨਿਗਮ (104 ਵਾਰਡ), ਦੱਖਣੀ ਦਿੱਲੀ ਨਗਰ ਨਿਗਮ (104 ਵਾਰਡ) ਅਤੇ ਪੂਰਬੀ ਦਿੱਲੀ ਨਗਰ ਨਿਗਮ (64 ਵਾਰਡ) ਨੂੰ ਮਿਲਾ ਦਿੱਤਾ ਗਿਆ।

ਹਾਲਾਂਕਿ ਇਸ ਵਿਚ ਵਾਰਡਾਂ ਦੀ ਗਿਣਤੀ 272 ਤੋਂ ਘਟਾ ਕੇ 250 ਰਹਿ ਗਈ ਹੈ। ਇਸ ਤਰ੍ਹਾਂ ਮੇਅਰ ਦੀ ਚੋਣ ਤੋਂ ਬਾਅਦ ਪੂਰੀ ਦਿੱਲੀ ਵਿਚ 10 ਸਾਲ ਬਾਅਦ ਇਕ ਮੇਅਰ ਬਣੇਗਾ। MCD ਦੇ ਤਿੰਨ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਪਹਿਲਾਂ 2012 ਤੱਕ ਰਜਨੀ ਅੱਬੀ ਆਖ਼ਰੀ ਮੇਅਰ ਸੀ ਅਤੇ 10 ਸਾਲਾਂ ਬਾਅਦ ਮੁੜ ਇਕ ਮਹਿਲਾ ਮੇਅਰ ਬਣੇਗੀ, ਇਹ ਸ਼ਹਿਰ ਲਈ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ ਅਤੇ ਨਾਲ ਹੀ ਉਹ ਵਿਅਕਤੀ ਜੋ ਦਿੱਲੀ ਦਾ ਮੇਅਰ ਬਣੇਗਾ।


Tanu

Content Editor

Related News