ਦਿੱਲੀ ਦੇ ਵਿਕਾਸ ਨੂੰ ਲੈ ਕੇ ਸਿਸੋਦੀਆ ਨੇ ਕੀਤੀ ਸੀਤਾਰਮਨ ਨਾਲ ਮੁਲਾਕਾਤ

02/21/2020 1:18:44 PM

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰ ਕੇ ਰਾਜਧਾਨੀ ਦੇ ਆਰਥਿਕ ਵਿਕਾਸ ਦੇ ਸੰਬੰਧ 'ਚ ਚਰਚਾ ਕੀਤੀ। ਸਿਸੋਦੀਆ, ਜਿਨ੍ਹਾਂ ਕੋਲ ਵਿੱਤ ਵਿਭਾਗ ਵੀ ਹੈ, 16 ਫਰਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਪਹਿਲੀ ਵਾਰ ਸ਼ੁੱਕਰਵਾਰ ਨੂੰ ਸੀਤਾਰਮਨ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੂੰ ਵਿਧਾਨ ਸਭਾ 'ਚ ਆਪਣਾ ਪਹਿਲਾ ਬਜਟ ਪੇਸ਼ ਕਰਨਾ ਹੈ।

ਸਿਸੋਦੀਆ ਨੇ ਸੀਤਾਰਮਨ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਚਰਚਾ ਸਕਾਰਾਤਮਕ ਰਹੀ ਅਤੇ ਦੋਹਾਂ ਦਰਮਿਆਨ ਦਿੱਲੀ ਦੇ ਆਰਥਿਕ ਵਿਕਾਸ ਨੂੰ ਲੈ ਕੇ ਚਰਚਾ ਹੋਈ। ਦੱਸਣਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦਾ ਲਗਾਤਾਰ ਤੀਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪਹਿਲੀ ਵਾਰ ਮੁਲਾਕਾਤ ਕੀਤੀ ਸੀ। ਕੇਜਰੀਵਾਲ ਨੇ ਬਾਅਦ 'ਚ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸ਼ਾਹ ਨਾਲ ਮੁਲਾਕਾਤ ਚੰਗੀ ਰਹੀ। ਉਨ੍ਹਾਂ ਨੇ ਕਿਹਾ ਕਿ ਦੋਸਤਾਨਾ ਮਾਹੌਲ 'ਚ ਬੈਠਕ ਹੋਈ, ਜਿਸ 'ਚ ਅਸੀਂ ਵੱਖ-ਵੱਖ ਮਸਲਿਆਂ 'ਤੇ ਚਰਚਾ ਕੀਤੀ। ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਕਿ ਦਿੱਲੀ ਦੇ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਅਸੀਂ ਇਕੱਠੇ ਮਿਲ ਕੇ ਕੰਮ ਕਰਾਂਗੇ।'' ਮੁੱਖ ਮੰਤਰੀ ਨੇ ਸ਼ਾਹੀਨ ਬਾਗ ਦੇ ਧਰਨੇ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਕਿਹਾ ਕਿ ਸ਼ਾਹ ਨਾਲ ਇਸ ਮਸਲੇ 'ਤੇ ਕੋਈ ਚਰਚਾ ਨਹੀਂ ਹੋਈ।


DIsha

Content Editor

Related News