ਦਿੱਲੀ ਵਿਧਾਨ ਸਭਾ ਦੀ ਕਾਰਵਾਈ: ''ਆਪ'' ਵਿਧਾਇਕਾਂ ਨੂੰ ਸਦਨ ''ਚੋਂ ਕੱਢਿਆ ਗਿਆ ਬਾਹਰ

Friday, Mar 28, 2025 - 01:49 PM (IST)

ਦਿੱਲੀ ਵਿਧਾਨ ਸਭਾ ਦੀ ਕਾਰਵਾਈ: ''ਆਪ'' ਵਿਧਾਇਕਾਂ ਨੂੰ ਸਦਨ ''ਚੋਂ ਕੱਢਿਆ ਗਿਆ ਬਾਹਰ

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਵਿਚ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੌਰਾਨ "ਵਿਘਨ ਪਾਉਣ" 'ਤੇ ਵਿਧਾਨ ਸਭਾ ਸਪੀਕਰ ਦੇ ਨਿਰਦੇਸ਼ਾਂ 'ਤੇ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਸਮੇਤ ਵਿਰੋਧੀ ਧਿਰ ਦੇ ਕਈ ਵਿਧਾਇਕਾਂ ਨੂੰ ਮਾਰਸ਼ਲ ਦੀ ਮਦਦ ਨਾਲ ਸਦਨ 'ਚੋਂ ਬਾਹਰ ਕੱਢ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪੋਸਟਰ ਅਤੇ ਪਰਚੇ ਲੈ ਕੇ ਪਹੁੰਚੇ, ਜਿਨ੍ਹਾਂ 'ਤੇ ਲਿਖਿਆ ਸੀ ਕਿ ਭਾਜਪਾ ਸਰਕਾਰ ਨੇ ਔਰਤਾਂ ਨੂੰ ਮਹੀਨੇਵਾਰ ਆਰਥਿਕ ਮਦਦ ਕਿਉਂ ਨਹੀਂ ਦਿੱਤੀ, ਜਿਸ ਦਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ।

'ਆਪ' ਵਿਧਾਇਕ ਸੁਰਿੰਦਰ ਕੁਮਾਰ ਨੇ ਸਰਕਾਰ ਤੋਂ ਪੁੱਛਿਆ ਕਿ ਮਹਿਲਾ ਸਮ੍ਰਿਧੀ ਯੋਜਨਾ ਤਹਿਤ 2500 ਰੁਪਏ ਦੀ ਸਹਾਇਤਾ ਕਦੋਂ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਨੇ ਜਵਾਬ ਦਿੱਤਾ ਕਿ ਇਸ ਸਕੀਮ ਨੂੰ ਲਾਗੂ ਕਰਨ ਲਈ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਦੀ ਨੋਟੀਫਿਕੇਸ਼ਨ ਅਤੇ ਯੋਗਤਾ ਦਿਸ਼ਾ-ਨਿਰਦੇਸ਼ ਤਿਆਰ ਹੋਣ ਤੋਂ ਤੁਰੰਤ ਬਾਅਦ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ 'ਆਪ' ਵਿਧਾਇਕ ਸੰਜੀਵ ਝਾਅ ਨੇ ਉਸੇ ਸਮੇਂ ਇਕ ਪੋਸਟਰ ਚੁੱਕ ਲਿਆ ਅਤੇ ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਨੂੰ ਮਾਰਸ਼ਲਾਂ ਵਲੋਂ ਬਾਹਰ ਕੱਢਣ ਦਾ ਹੁਕਮ ਦਿੱਤਾ।

ਇਕ-ਇਕ ਕਰਕੇ 'ਆਪ' ਵਿਧਾਇਕਾਂ ਆਤਿਸ਼ੀ, ਮੁਕੇਸ਼ ਅਹਲਾਵਤ, ਜਰਨੈਲ ਸਿੰਘ, ਵਿਸ਼ੇਸ਼ ਰਵੀ ਅਤੇ ਪ੍ਰੇਮ ਚੌਹਾਨ ਨੂੰ ਵੀ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਗੁਪਤਾ ਨੇ ਕਿਹਾ ਕਿ ਵਿਰੋਧੀ ਮੈਂਬਰ ਸਦਨ ਵਿਚ "ਵਿਘਨ" ਪੈਦਾ ਕਰ ਰਹੇ ਹਨ ਕਿਉਂਕਿ ਉਹ ਪਿਛਲੀ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ.ਟੀ.ਸੀ) ਦੀ ਕਾਰਗੁਜ਼ਾਰੀ 'ਤੇ ਕੈਗ ਦੀ ਰਿਪੋਰਟ 'ਤੇ ਬਹਿਸ ਤੋਂ ਬਚਣਾ ਚਾਹੁੰਦੇ ਸਨ।


author

Tanu

Content Editor

Related News