ਦਿੱਲੀ ਹਾਈਕੋਰਟ ਨੇ CCPA ਦੇ ਕੁੱਕਰ ਵਾਪਸ ਮੰਗਵਾਉਣ ਦੇ ਹੁਕਮ ’ਤੇ ਲਾਈ ਰੋਕ

Wednesday, Sep 21, 2022 - 02:09 AM (IST)

ਦਿੱਲੀ ਹਾਈਕੋਰਟ ਨੇ CCPA ਦੇ ਕੁੱਕਰ ਵਾਪਸ ਮੰਗਵਾਉਣ ਦੇ ਹੁਕਮ ’ਤੇ ਲਾਈ ਰੋਕ

ਨੈਸ਼ਨਲ ਡੈਸਕ : ਦਿੱਲੀ ਹਾਈਕੋਰਟ ਨੇ  ਦਿੱਗਜ ਈ-ਕਾਮਰਸ ਕੰਪਨੀ ਐਮਾਜ਼ਾਨ ਨੂੰ ਗੁਣਵੱਤਾ ਦੇ ਮਾਪਦੰਡਾਂ ’ਤੇ ਖ਼ਰਾ ਨਾ ਪਾਏ ਜਾਣ 'ਤੇ ਕੁੱਕਰਾਂ ਨੂੰ ਵਾਪਸ ਮੰਗਵਾਉਣ ਸਬੰਧੀ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (ਸੀ.ਸੀ.ਪੀ.ਏ.) ਦੇ ਹੁਕਮ ਨੂੰ ਫ਼ਿਲਹਾਲ ਰੋਕ ਦਿੱਤਾ ਹੈ। ਹਾਲਾਂਕਿ ਹਾਈਕੋਰਟ ਨੇ ਮੰਗਲਵਾਰ ਨੂੰ ਐਮਾਜ਼ਾਨ ਨੂੰ ਕਿਹਾ ਕਿ ਉਹ ਸੀ. ਸੀ. ਪੀ. ਏ. ਵੱਲੋਂ ਲਾਏ ਗਏ ਇਕ ਲੱਖ ਰੁਪਏ ਜੁਰਮਾਨੇ ਦੀ ਰਕਮ ਇਕ ਹਫ਼ਤੇ ਦੇ ਵਿਚਕਾਰ ਜਮ੍ਹਾ ਕਰਵਾਏ। ਸੀ. ਸੀ. ਪੀ. ਏ. ਨੇ ਐਮਾਜ਼ਾਨ ਜ਼ਰੀਏ ਵੇਚੇ ਗਏ ਇਨ੍ਹਾਂ ਕੁੱਕਰਾਂ ਨੂੰ ਵਾਪਸ ਮੰਗਵਾਉਣ ਦਾ ਹੁਕਮ ਦਿੱਤਾ ਸੀ। ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਕਿ ਐਮਾਜ਼ਾਨ ਇਨ੍ਹਾਂ ਸਾਰੇ 2,265 ਪ੍ਰੈਸ਼ਰ ਕੁੱਕਰਾਂ ਦੇ ਖ਼ਰੀਦਦਾਰਾਂ ਨੂੰ ਇਹ ਸੂਚਨਾ ਦੇਣ ਲਈ ਜ਼ਿਮੇਵਾਰ ਹੋਵੇਗੀ ਕਿ ਇਹ ਕੁੱਕਰ ਗੁਣਵੱਤਾ ਦੇ ਮਿਆਰਾਂ ਦੇ ਅਨੁਕੂਲ ਨਹੀਂ ਪਾਏ ਗਏ। ਜਸਟਿਸ ਵਰਮਾ ਨੇ ਕਿਹਾ ਕਿ ਇਸ ਪਟੀਸ਼ਨ ’ਚ ਚੁੱਕੇ ਗਏ ਮੁੱਦਿਆਂ ’ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ ਪਰ ਵੇਚੇ ਗਏ ਕੁੱਕਰਾਂ ਨੂੰ ਵਾਪਸ ਮੰਗਵਾਉਣ ਦੇ ਹੁਕਮ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਅਗਲੀ ਸੁਣਵਾਈ ਲਈ 16 ਨਵੰਬਰ ਦੀ ਤਾਰੀਖ਼ ਤੈਅ ਕੀਤੀ ਗਈ ਹੈ।


author

Manoj

Content Editor

Related News