INX ਮਾਮਲਾ:ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਿਜ
Friday, Nov 15, 2019 - 03:08 PM (IST)

ਨਵੀਂ ਦਿੱਲੀ—ਆਈ.ਐੱਨ.ਐੱਕਸ.ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦਾਂਬਰਮ ਨੂੰ ਅੱਜ ਭਾਵ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈਕੋਰਟ ਨੇ ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਉਨ੍ਹਾਂ ਦੇ ਖਿਲਾਫ ਲੱਗੇ ਦੋਸ਼ ਗੰਭੀਰ ਰੂਪ 'ਚ ਹਨ ਅਤੇ ਅਪਰਾਧ 'ਚ ਉਨ੍ਹਾਂ ਦੀ ਸਰਗਰਮ ਅਤੇ ਮੁੱਖ ਭੂਮਿਕਾ ਰਹੀ ਹੈ। ਜਸਟਿਸ ਸੁਰੇਸ਼ ਕੈਤ ਨੇ ਕਿਹਾ ਹੈ ਕਿ ਜੇਕਰ ਮਾਮਲੇ 'ਚ ਚਿਦਾਂਬਰਮ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਸਮਾਜ 'ਚ ਗਲਤ ਸੁਨੇਹਾ ਫੈਲੇਗਾ। ਹਾਈ ਕੋਰਟ ਨੇ ਚਿਦਾਂਬਰਮ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੋਵਾਂ ਦੇ ਵਕੀਲਾਂ ਦੀ ਦਲੀਲ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ 'ਤੇ 8 ਨਵੰਬਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ 'ਚ ਉਨ੍ਹਾਂ ਨੂੰ 16 ਅਕਤੂਬਰ ਨੂੰ ਗ੍ਰਿ੍ਰਫਤਾਰ ਕੀਤਾ ਸੀ।
ਦੱਸਣਯੋਗ ਹੈ ਕਿ ਸੀ.ਬੀ.ਆਈ ਨੇ ਆਈ.ਐੱਨ.ਐੱਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਚਿਦਾਂਬਰਮ ਨੂੰ 21 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ 22 ਅਕਤੂਬਰ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਸੀ.ਬੀ.ਆਈ. ਨੇ 15 ਮਈ 2017 ਨੂੰ ਮਾਮਲਾ ਦਰਜ ਕੀਤਾ ਸੀ, ਜਿਸ 'ਚ ਆਈ.ਐੱਨ ਐਕਸ ਮੀਡੀਆ ਸਮੂਹ ਨੂੰ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਫੰਡ ਪ੍ਰਾਪਤ ਕਰਨ ਲਈ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐੱਫ.ਆਈ.ਪੀ.ਬੀ.) ਦੀ ਮਨਜ਼ੂਰੀ ਦੇਣ 'ਚ ਅਨਿਯਮਿਤਤਾ ਦਾ ਦੋਸ਼ ਲਗਾਇਆ ਗਿਆ ਸੀ। ਇਸ ਦੌਰਾਨ ਚਿਦਾਂਬਰਮ ਵਿੱਤ ਮੰਤਰੀ ਸੀ। ਇਸ ਤੋਂ ਬਾਅਦ ਈ. ਡੀ. ਨੇ ਵੀ ਇਸ ਸੰਬੰਧ 'ਚ 2017 'ਚ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਦਰਜ ਕੀਤਾ ਸੀ।