ਇਕਾਂਤਵਾਸ ਕੇਂਦਰਾਂ ''ਚ ਪੀੜਤਾਂ ਨੂੰ ਵੱਖ ਤੋਂ ਖਾਣਾ-ਪਾਣੀ ਮੁਹੱਈਆ ਕਰਵਾਏ ''ਆਪ'' ਸਰਕਾਰ: ਹਾਈ ਕੋਰਟ
Thursday, May 28, 2020 - 05:31 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਇਕਾਂਤਵਾਸ 'ਚ ਕੋਵਿਡ-19 ਤੋਂ ਪੀੜਤ ਵਿਅਕਤੀਆਂ ਨੂੰ ਵੱਖ ਤੋਂ ਖਾਣਾ ਅਤੇ ਪਾਣੀ ਮੁਹੱਈਆ ਕਰਵਾਏ। ਜੱਜ ਨਵੀਨ ਚਾਵਲਾ ਨੇ ਇਹ ਆਦੇਸ਼ ਉਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ਤੋਂ ਆਉਣ ਦੇ ਬਾਅਦ ਕੁਝ ਲੋਕਾਂ ਨੂੰ ਸੁਲਤਾਨਪੁਰੀ ਇਲਾਕੇ 'ਚ ਸਥਿਤ ਫਲੈਟਾਂ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਂਚ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ ਸੀ ਪਰ ਉਨ੍ਹਾਂ ਨੂੰ ਖਾਣੇ ਅਤੇ ਪਾਣੀ ਦੀ ਸਪਲਾਈ ਉਨ੍ਹਾਂ ਲੋਕਾਂ ਨਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਦਿੱਲੀ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਕਿ ਇਕਾਂਤਵਾਸ ਕੇਂਦਰਾਂ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਵੱਖ ਤੋਂ ਹੀ ਖਾਣੇ ਅਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇਹ ਕੀਤਾ ਗਿਆ ਹੈ। ਕੋਰਟ ਨੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਖਾਣਾ, ਪਾਣੀ ਅਤੇ ਹੋਰ ਸਹੂਲਤਾਂ ਵੱਖ ਤੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਕਾਂਤਵਾਸ ਕੇਂਦਰਾਂ 'ਚ ਕੋਵਿਡ-19 ਨਾਲ ਪੀੜਤ ਲੋਕਾਂ ਨੂੰ ਵੱਖ ਤੋਂ ਹੀ ਉਪਲੱਬਧ ਕਰਵਾਈਆਂ ਜਾਣਗੀਆਂ। ਕੋਰਟ ਨੇ ਕਿਹਾ ਕਿ ਦਿੱਲੀ ਸਰਕਾਰ ਇਸ ਕਥਨ ਨੂੰ ਪੂਰਾ ਕਰਨ ਲਈ ਮਜ਼ਬੂਰ ਹੈ ਅਤੇ ਇਸ ਦੇ ਨਾਲ ਹੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।