DSGMC ਵਲੋਂ 125 ਬੈੱਡਾਂ ਦਾ ਵਿਸ਼ਵ ਪੱਧਰੀ ਇੱਕ ਹੋਰ ਹਸਪਤਾਲ ਖੋਲ੍ਹਣ ਦੀ ਤਿਆਰੀ
Tuesday, Jun 01, 2021 - 05:12 AM (IST)
ਨਵੀਂ ਦਿੱਲੀ - ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਰੀਜ਼ਾਂ ਵਾਸਤੇ ਇਕ ਹੋਰ 125 ਬੈੱਡਾਂ ਦਾ ਵਿਸ਼ਵ ਪੱਧਰੀ ਹਸਪਤਾਲ ਖੋਲ੍ਹਣ ਦੀ ਤਿਆਰੀ ਖਿੱਚ ਲਈ ਹੈ।
100 ਬੈੱਡਾਂ ਦਾ ਮੁਫਤ ਡਾਇਲਸਿਸ ਹਸਪਤਾਲ, ਸਭ ਤੋਂ ਸਸਤੀ ਐੱਮ. ਆਰ. ਆਈ. ਤੇ ਸੀਟੀ ਸਕੈਨ ਵਾਲੇ ਡਾਇਗਨੋਸਟਿਕ ਸੈਂਟਰ, 90 ਫੀਸਦੀ ਤੱਕ ਸਸਤੀਆਂ ਦਵਾਈਆਂ ਵਾਲੇ ਬਾਲਾ ਪ੍ਰੀਤਮ ਦਵਾਖਾਨੇ ਅਤੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਤੋਂ ਬਾਅਦ ਸਿਹਤ ਤੇ ਮੈਡੀਕਲ ਸੰਭਾਲ ਦੇ ਖੇਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ 5ਵਾਂ ਉਪਰਾਲਾ ਹੈ।
ਇਹ ਵੀ ਪੜ੍ਹੋ- ਭਾਰਤ 'ਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੂੰ WHO ਨੇ ਦਿੱਤਾ ਨਾਮ
ਜਿਵੇਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਸਿਰਫ 12 ਦਿਨਾਂ ਵਿਚ ਹੀ ਤਿਆਰ ਹੋ ਗਿਆ ਸੀ, ਇਸੇ ਤਰੀਕੇ ਇਹ ਹਸਪਤਾਲ 60 ਦਿਨਾਂ ਦੇ ਅੰਦਰ-ਅੰਦਰ ਤਿਆਰ ਹੋ ਜਾਵੇਗਾ। ਦੁਨੀਆ ਭਰ ਤੋਂ ਜਿੱਥੇ ਐੱਨ. ਆਰ. ਆਈਜ਼ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਨਾਂ ’ਤੇ ਖੋਲ੍ਹੇ ਜਾ ਰਹੇ ਇਸ ਹਸਪਤਾਲ ਦੀ ਸਥਾਪਤੀ ਲਈ ਮਦਦ ਵਾਸਤੇ ਹੱਥ ਵਧਾਏ ਹਨ, ਉਥੇ ਹੀ ਫਰਾਂਸ ਸਰਕਾਰ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਮਦਦ ਵਿਚ ਨਿੱਤਰੀ ਹੈ।
ਇਹ ਵੀ ਪੜ੍ਹੋ- ਕੋਰੋਨਾ ਇਨ੍ਹਾਂ ਲੋਕਾਂ 'ਤੇ ਜ਼ਿਆਦਾ ਕਰਦੈ ਅਸਰ, 40-50 ਫੀਸਦੀ ਵੱਧ ਜਾਂਦੀ ਹੈ ਮੌਤ ਦੀ ਸੰਭਾਵਨਾ
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 125 ਬੈੱਡਾਂ ਵਾਲੇ ਹਸਪਤਾਲ ਵਿਚ 35 ਆਈ. ਸੀ. ਯੂ. ਬੈੱਡ ਹੋਣਗੇ। ਉਨ੍ਹਾਂ ਦੱਸਿਆ ਕਿ ਤੀਜੀ ਕੋਰੋਨਾ ਲਹਿਰ ਦਾ ਬੱਚਿਆਂ ’ਤੇ ਮਾੜਾ ਅਸਰ ਪੈਣ ਦੇ ਖ਼ਦਸ਼ੇ ਨੂੰ ਵੇਖਦਿਆਂ ਅਸੀਂ ਅਜਿਹੇ ਹਾਲਾਤਾਂ ਦਾ ਟਾਕਰਾ ਕਰਨ ਦੀ ਤਿਆਰੀ ਪਹਿਲਾਂ ਹੀ ਖਿੱਚ ਲਈ ਹੈ ਤੇ ਇਸ ਹਸਪਤਾਲ ਵਿਚ ਬੱਚਿਆਂ ਲਈ ਆਈ. ਸੀ. ਯੂ. ਤੇ ਵੱਖਰਾ ਵਾਰਡ ਬਣਾਇਆ ਜਾ ਰਿਹਾ ਹੈ। ਹਸਪਤਾਲ ਦੇ ਅੰਦਰ ਹੀ ਐਕਸਰੇਅ ਤੇ ਸੀਟੀ ਸਕੈਨ ਦੀ ਸਹੂਲਤ ਹੋਵੇਗੀ ਤਾਂ ਜੋ ਮਰੀਜ਼ਾਂ ਨੂੰ ਇਧਰ-ਉਧਰ ਨਾ ਭਟਕਣਾ ਪਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।