ਦਿੱਲੀ ’ਚ ਦੀਵਾਲੀ ਤੋਂ ਪਹਿਲਾਂ ਸਖ਼ਤੀ, ਪਟਾਕੇ ਚਲਾਉਣ ਵਾਲਿਆਂ ਨੂੰ ਜਾਣਾ ਪੈ ਸਕਦੈ ਜੇਲ੍ਹ

Wednesday, Oct 19, 2022 - 05:01 PM (IST)

ਨਵੀਂ ਦਿੱਲੀ- ਦਿੱਲੀ ’ਚ ਪਟਾਕਿਆਂ ’ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਹੈ। ਹੁਣ ਸਰਕਾਰ ਨੇ ਇਕ ਹੋਰ ਫਰਮਾਨ ਜਾਰੀ ਕਰ ਕੇ ਜੁਰਮਾਨੇ ਦਾ ਵੀ ਐਲਾਨ ਕਰ ਦਿੱਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ’ਚ ਦੀਵਾਲੀ ’ਤੇ ਪਟਾਕੇ ਚਲਾਉਣ ’ਤੇ 6 ਮਹੀਨੇ ਦੀ ਜੇਲ੍ਹ ਅਤੇ 200 ਰੁਪਏ ਜੁਰਮਾਨਾ ਹੋ ਸਕਦਾ ਹੈ। ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜਧਾਨੀ ’ਚ ਪਟਾਕਿਆਂ ਦੇ ਉਤਪਾਦਨ, ਭੰਡਾਰਣ ਅਤੇ ਵਿਕਰੀ ’ਤੇ ਵਿਸਫੋਟਕ ਐਕਟ ਦੀ ਧਾਰਾ-9B ਤਹਿਤ 5 ਹਜ਼ਾਰ ਤੱਕ ਦਾ ਜੁਰਮਾਨਾ ਅਤੇ 3 ਸਾਲ ਦੀ ਜੇਲ੍ਹ ਹੋਵੇਗੀ।

ਇਹ ਵੀ ਪੜ੍ਹੋ- ਕੇਦਾਰਨਾਥ ਹੈਲੀਕਾਪਟਰ ਹਾਦਸਾ; ਮੌਤ ਤੋਂ ਪਹਿਲਾਂ ਪਾਇਲਟ ਦੇ ਆਖ਼ਰੀ ਸ਼ਬਦ- ‘ਮੇਰੇ ਧੀ ਦਾ ਖ਼ਿਆਲ ਰੱਖਣਾ’

ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਸਤੰਬਰ ਵਿਚ ਇਕ ਹੁਕਮ ਜਾਰੀ ਕਰ ਕੇ ਅਗਲੇ ਸਾਲ ਜਨਵਰੀ ਤੱਕ ਹਰ ਤਰ੍ਹਾਂ ਦੇ ਪਟਾਕਿਆਂ ਦੇ ਉਤਪਾਦਨ, ਵਿਕਰੀ ਅਤੇ ਇਸਤੇਮਾਲ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਸੀ। ਪਿਛਲੇ ਦੋ ਸਾਲਾਂ ਤੋਂ ਇਸ ਤਰ੍ਹਾਂ ਦੀ ਪਾਬੰਦੀ ਜਾਰੀ ਹੈ। ਵਾਤਾਵਰਣ ਮੰਤਰੀ ਨੇ ਕਿਹਾ ਕਿ 21 ਅਕਤੂਬਰ ਨੂੰ ਇਕ ਜਨ-ਜਾਗਰੂਕਤਾ ਮੁਹਿੰਮ ‘ਦੀਵੇ ਜਗਾਓ ਪਟਾਕੇ ਨਹੀਂ’ ਸ਼ੁਰੂ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਦਿੱਲੀ ’ਚ ਪਟਾਕਿਆਂ ਦੀ ਖਰੀਦ ਅਤੇ ਇਸ ਨੂੰ ਚਲਾਉਣ ’ਤੇ ਭਾਰਤੀ ਸਜ਼ਾ ਜ਼ਾਬਤਾ ਤਹਿਤ 200 ਰੁਪਏ ਦਾ ਜੁਰਮਾਨਾ ਅਤੇ 6 ਮਹੀਨੇ ਦੀ ਜੇਲ੍ਹ ਹੋਵੇਗੀ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ PM ਮੋਦੀ ’ਤੇ ਆਤਮਘਾਤੀ ਹਮਲੇ ਦੀ ਸਾਜਿਸ਼, ਖ਼ੁਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਰਾਏ ਨੇ ਅੱਗੇ ਕਿਹਾ ਕਿ ਪਾਬੰਦੀ ਲਾਗੂ ਕਰਨ ਲਈ 408 ਟੀਮਾਂ ਦਾ ਗਠਨ ਕੀਤਾ ਗਿਆ ਹੈ। ਦਿੱਲੀ ਪੁਲਸ ਨੇ ਸਹਾਇਕ ਪੁਲਸ ਕਮਿਸ਼ਨਰ ਤਹਿਤ 210 ਟੀਮਾਂ ਦਾ ਗਠਨ ਕੀਤਾ ਹੈ, ਜਦਕਿ ਮਾਲੀਆ ਵਿਭਾਗ ਨੇ 165 ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ 33 ਟੀਮਾਂ ਦਾ ਗਠਨ ਕੀਤਾ ਹੈ। ਮੰਤਰੀ ਮੁਤਾਬਕ ਉਲੰਘਣ ਦੇ 188 ਮਾਮਲਿਆਂ ਦਾ ਪਤਾ ਲੱਗਾ ਹੈ ਅਤੇ 16 ਅਕਤੂਬਰ ਤੱਕ 2,197 ਕਿਲੋਗ੍ਰਾਮ ਪਟਾਕੇ ਜ਼ਬਤ ਕੀਤੇ ਜਾ ਚੁੱਕੇ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ


Tanu

Content Editor

Related News