ਦਿੱਲੀ ਸਰਕਾਰ ਨੇ ਸੰਭਾਵਿਤ ਟਿੱਡੀ ਹਮਲੇ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ ਕੀਤੀ
Thursday, May 28, 2020 - 05:58 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਰਾਜਧਾਨੀ 'ਚ ਰੇਗਿਸਤਾਨੀ ਟਿੱਡੀਆਂ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਸੰਬੰਧਤ ਅਧਿਕਾਰੀਆਂ ਨੂੰ ਖੜੀਆਂ ਫਸਲਾਂ, ਬਾਗ-ਬਗੀਚਿਆਂ 'ਚ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਕਿਹਾ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਏ.ਪੀ. ਸੈਨੀ ਨੇ ਬੁੱਧਵਾਰ ਨੂੰ ਜਾਰੀ ਇਕ ਐਡਵਾਇਜ਼ਰੀ 'ਚ ਅਧਿਕਾਰੀਆਂ ਨੂੰ ਰਾਸ਼ਟਰੀ ਰਾਜਧਾਨੀ 'ਚ ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਜਨਤਾ ਅਤੇ ਕਿਸਾਨਾਂ ਦੇ ਲਿਹਾਜ ਨਾਲ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨ ਲਈ ਵੀ ਕਿਹਾ।
ਐਡਵਾਇਜ਼ਰੀ ਅਨੁਸਾਰ,''ਟਿੱਡੀ ਦਲ ਦਿਨ 'ਚ ਉਡਾਣ ਭਰਦਾ ਹੈ ਅਤੇ ਰਾਤ ਨੂੰ ਆਰਾਮ ਕਰਦਾ ਹੈ, ਇਸ ਲਈ ਇਸ ਰਾਤ ਨੂੰ ਨਹੀਂ ਰੁਕਣ ਦੇਣਾ ਚਾਹੀਦਾ।'' ਇਸ 'ਚ ਅਧਿਕਾਰੀਆਂ ਤੋਂ ਕਲੋਰੋਪਾਏਰੀਫੋਸ ਅਤੇ ਮੈਲਾਥੀਓਨ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਕਿਹਾ ਗਿਆ ਹੈ। ਦਿੱਲੀ ਦਾ ਜੰਗਲਾਤ ਵਿਭਾਗ ਆਪਣੀਆਂ ਨਰਸਰੀਆਂ 'ਚ ਪੌਦਿਆਂ ਨੂੰ ਟਿੱਡੀ ਦੇ ਪ੍ਰਕੋਪ ਤੋਂ ਬਚਾਉਣ ਲਈ ਪੋਲੀਥੀਨ ਨਾਲ ਢੱਕਣ 'ਤੇ ਵਿਚਾਰ ਕਰ ਰਿਹਾ ਹੈ। ਜੰਗਲਾਤ ਵਿਭਾਗ ਦੇ ਅਧਿਕਾਰੀ ਈਸ਼ਵਰ ਸਿੰਘ ਨੇ ਕਿਹਾ ਕਿ ਪੌਦਿਆਂ ਨੂੰ ਤਾਂ ਢੱਕਣਾ ਸੰਭਵ ਨਹੀਂ ਹੈ। ਘੱਟੋ-ਘੱਟ ਨਰਸਰੀਆਂ ਦੇ ਪੌਦਿਆਂ ਨੂੰ ਢੱਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੋਲੀਥੀਨ ਨਾਲ ਪੌਦਿਆਂ ਨੂੰ ਢੱਕਣ ਨਾਲ ਉਨ੍ਹਾਂ ਨੂੰ ਧੁੱਪ ਤੋਂ ਵੀ ਬਚਾਇਆ ਜਾ ਸਕਦਾ ਹੈ। ਸਿੰਘ ਨੇ ਕਿਹਾ ਕਿ ਦਿੱਲੀ ਵਰਗੇ ਸ਼ਹਿਰ 'ਚ ਰਸਾਇਣਾਂ ਦਾ ਛਿੜਕਾਅ ਵਾਤਾਵਰਣ ਲਈ ਨੁਕਸਾਨਦੇਹ ਹੋ ਸਕਦਾ ਹੈ।