ਦਿੱਲੀ ਸਰਕਾਰ ਦੇ ਕੋਵਿਡ ਪ੍ਰਬੰਧਨ ’ਤੇ ਉਠੇ ਸਵਾਲ, ਜੀ. ਕੇ. ਬੋਲੇ- ਵਡਿਆਈ ਲਈ ਲੋਕਾਂ ਨਾਲ ਕੀਤਾ ਧੋਖਾ

07/17/2021 6:27:49 PM

ਨਵੀਂ ਦਿੱਲੀ— ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ ’ਚ ਫਰਜ਼ੀ ਡਾਕਟਰਾਂ ਦੇ ਹੱਥੋਂ ਮਰੀਜ਼ਾਂ ਦੀ ਜ਼ਿੰਦਗੀ ਖ਼ਤਰੇ ’ਚ ਪਾਉਣ ਦੇ ਦੋਸ਼ ’ਚ ‘ਜਾਗੋ ਪਾਰਟੀ’ ਨੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਸ਼ਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਨਕਲੀ ਅਤੇ ਗੈਰ-ਪ੍ਰਮਾਣਿਤ ਸਟਾਫ਼, ਨਕਲੀ ਐਂਬੂਲੈਂਸ ਅਤੇ ਗਲਤ ਦਵਾਈਆਂ ਦੀ ਵਜ੍ਹਾ ਨਾਲ 14 ਮਈ 2021 ਨੂੰ ਸੈਂਟਰ ’ਚ ਦਾਖ਼ਲ ਹੋਏ ਮਰੀਜ਼ ਅਮਰਜੀਤ ਸਿੰਘ ਦੀ ਮੌਤ ਹੋਈ ਸੀ। ਆਕਸੀਜਨ ਦਾ ਪੱਧਰ 92 ਨਾਲ ਅਮਰਜੀਤ ਸਿੰਘ ਨੂੰ ਉਨ੍ਹਾਂ ਦੇ ਪੁੱਤਰ ਭੂਪਿੰਦਰ ਸਿੰਘ ਨੇ ਸੈਂਟਰ ਵਿਚ ਦਾਖ਼ਲ ਕਰਵਾਇਆ ਸੀ। ਉਨ੍ਹਾਂ ਨੇ ਰਾਤ ਨੂੰ ਕਰੀਬ 10 ਵਜੇ ਆਪਣੇ ਪਰਿਵਾਰ ਨਾਲ ਗੱਲਬਾਤ ਦੌਰਾਨ ਆਪਣੀ ਸਿਹਤ ਠੀਕ ਦੱਸੀ ਸੀ ਪਰ 4 ਵਜੇ ਤੜਕੇ ਮਰੀਜ਼ ਦੇ ਪੁੱਤਰ ਨੂੰ ਕਿਸੇ ਐਂਬੂਲੈਂਸ ਡਰਾਈਵਰ ਦਾ ਫੋਨ ਆਉਂਦਾ ਹੈ ਕਿ ਤੁਹਾਡੇ ਪਿਤਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਭੇਜਿਆ ਜਾ ਰਿਹਾ ਹੈ, ਤੁਸੀਂ ਆ ਜਾਓ। ਪਰਿਵਾਰ ਦੇ ਲੋਕ ਜਦੋਂ ਹਸਪਤਾਲ ਪਹੁੰਚਦੇ ਹਨ ਤਾਂ ਪਤਾ ਲੱਗਦਾ ਹੈ ਕਿ ਮਰੀਜ਼ ਦੀ ਮੌਤ ਹੋ ਗਈ ਹੈ। ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਵਲੋਂ ਜਾਰੀ ਮੌਤ ਦੇ ਸਰਟੀਫ਼ਿਕੇਟ ’ਚ ਲਿਖਿਆ ਹੈ ਕਿ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਚੁੱਕੀ ਸੀ।

PunjabKesari

ਜੀ. ਕੇ. ਨੇ ਅੱਗੇ ਦੱਸਿਆ ਕਿ ਇਹ ਦਾਅਵਾ ਮਰੀਜ਼ ਦੇ ਪੁੱਤਰ ਨੇ ਸਾਨੂੰ ਸੌਂਪੇ ਕਾਗਜ਼ਾਤ ਨਾਲ ਇਕ ਵੀਡੀਓ ਵਿਚ ਕੀਤਾ ਹੈ। ਨਾਲ ਹੀ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਗਲਤ ਦਵਾਈ ਨਾਲ ਹੋਈ ਹੋ ਸਕਦੀ ਹੈ। ਜੀ. ਕੇ. ਨੇ ਕਿਹਾ ਕਿ ਪੀਲੇ ਰੰਗ ਦੀਆਂ ਸਕੂਲੀ ਬੱਸਾਂ ਨੂੰ ਐਂਬੂਲੈਂਸ ਦੱਸ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਇਨ੍ਹਾਂ ਨੇ ਖਿਲਵਾੜ ਕੀਤਾ ਹੈ। ਸਾਡਾ ਦੋਸ਼ ਹੈ ਕਿ ਦਿੱਲੀ ਕਮੇਟੀ ਨੇ ਸਕੂਲੀ ਬੱਸਾਂ ਨੂੰ ਐਂਬੂਲੈਂਸ ਦੇ ਰੂਪ ’ਚ ਚਲਾ ਕੇ ਮਰੀਜ਼ ਨੂੰ ਮਰਨ ਲਈ ਛੱਡ ਦਿੱਤਾ ਸੀ। ਜੀ. ਕੇ. ਨੇ ਦਿੱਲੀ ਕਮੇਟੀ ਦੀ ਪ੍ਰਬੰਧਕੀ ਸੋਚ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸਕੂਲੀ ਬੱਸਾਂ ਦਾ ਐਂਬੂਲੈਂਸ ਦੇ ਤੌਰ ’ਤੇ ਇਸਤੇਮਾਲ ਕਰਦੇ ਸਮੇਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਆਰ. ਸੀ. ਦੀਆਂ ਸ਼ਰਤਾਂ ਦੇ ਉਲੰਘਣ ’ਤੇ ਬੀਮਾ ਕੰਪਨੀ ਦਾਅਵੇ ਨੂੰ ਠੁਕਰਾਉਣ ਦਾ ਹੱਕ ਰੱਖਦੀ ਹੈ ਪਰ ਸਿਰਸਾ-ਕਾਲਕਾ ਆਪਣੀ ਵਡਿਆਈ ਦੇ ਚੱਕਰ ’ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ’ਤੇ ਸੰਗਤਾਂ ਨੂੰ ਗੁੰਮਰਾਹ ਕਰਨ ਤੋਂ ਵੀ ਬਾਜ ਨਹੀਂ ਆਏ। ਇਸ ਲਈ ਅਸੀਂ ਸਾਰੇ ਸਬੂਤਾਂ ਨਾਲ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਗੁਰੂ ਸਾਹਿਬ ਜੀ ਦੇ ਨਾਂ ’ਤੇ ਆਮ ਲੋਕਾਂ ਨਾਲ ਧੋਖਾ ਕਰਨ ਵਾਲੇ ਇਨ੍ਹਾਂ ਅਪਰਾਧੀਆਂ ਨੂੰ ਇਨ੍ਹਾਂ ਦੇ ਮੁਕਾਮ ਤੱਕ ਦਿੱਲੀ ਪੁਲਸ ਜ਼ਰੂਰ ਪਹੁੰਚਾਏਗੀ। 

ਜੀਕੇ ਨੇ ਦੱਸਿਆ ਕਿ ਦਿੱਲੀ ਕਮੇਟੀ ਐਕਟ ਦੀ ਧਾਰਾ 36 ਅਨੁਸਾਰ ਸਿਰਸਾ-ਕਾਲਕਾ ਲੋਕ ਸੇਵਕਾਂ ਦੇ ਦਾਇਰੇ 'ਚ ਆਉਂਦੇ ਹਨ ਅਤੇ ਇਨ੍ਹਾਂ ਨੇ ਇਕ ਹੋਰ ਲੋਕ ਸੇਵਕ ਸਤੇਂਦਰ ਜੈਨ ਨਾਲ ਮਿਲ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਇਸੇ ਕੋਵਿਡ ਸੈਂਟਰ ਦੇ ਨਕਲੀ ਡਾਕਟਰਾਂ ਦਾ ਖ਼ੁਲਾਸਾ ਕਰ ਚੁਕੇ ਹਾਂ, ਜਦੋਂ ਕਿ ਮੰਤਰੀ ਅਤੇ ਕਮੇਟੀ ਵਲੋਂ ਸੈਂਟਰ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਦਾਅਵਾ ਕੀਤਾ ਗਿਆ ਸੀ ਕਿ ਇਸ ਸੈਂਟਰ ਨੂੰ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਦੇ 50 ਡਾਕਟਰ ਚਲਾਉਣਗੇ ਪਰ ਆਫ਼ਤ ਮੌਕੇ ਬਦਲਦੇ ਹੋਏ ਇਨ੍ਹਾਂ ਨੇ ਇੰਟਰਨੈਸ਼ਨਲ ਹਿਊਮਨ ਰਾਈਟਸ ਸੰਸਥਾ ਨਾਮ ਦੀ ਐੱਨ.ਜੀ.ਓ. ਨੂੰ ਬਿਨਾਂ ਕਿਸੇ ਮੈਡੀਕਲ ਮਹਾਰਤ ਜਾਂਚ ਕੀਤੇ ਮਰੀਜ਼ਾਂ ਦੇ ਇਲਾਜ ਦਾ ਠੇਕਾ ਦੇ ਦਿੱਤਾ। ਜਿਸ ਬਾਰੇ ਪਤਾ ਲੱਗਾ ਹੈ ਕਿ ਐੱਨ.ਜੀ.ਓ. ਨੂੰ 1.5 ਕਰੋੜ ਰੁਪਏ ਇਸ ਬਾਰੇ ਦਿੱਲੀ ਸਰਕਾਰ ਤੋਂ ਮਿਲਣੇ ਹਨ। ਐੱਨ.ਜੀ.ਓ. ਨੇ ਗੈਰ ਐੱਮ.ਬੀ.ਬੀ.ਐੱਸ. ਡਾਕਟਰਾਂ ਅਤੇ ਪ੍ਰਮਾਣਿਕ ਮੈਡੀਕਲ ਸਟਾਫ਼ ਦਾ ਇੰਤਜ਼ਾਮ ਕੀਤੇ ਬਿਨਾਂ ਸਾਰਿਆਂ ਨੂੰ ਮੂਰਖ ਬਣਾ ਦਿੱਤਾ। ਇਸ ਲਈ ਥਾਣੇ 'ਚ ਦਿੱਤੀ ਆਪਣੀ ਸ਼ਿਕਾਇਤ 'ਚ ਮੈਂ ਤਿੰਨਾਂ ਦੋਸ਼ੀਆਂ ਵਿਰੁੱਧ ਸਾਜਿਸ਼, ਧੋਖਾਧੜੀ, ਲੋਕ ਸੇਵਕਾਂ ਵਲੋਂ ਅਪਰਾਧਕ ਧੋਖਾ, ਲੋਕਾਂ ਦੀ ਸੁਰੱਖਿਆ ਖ਼ਤਰੇ 'ਚ ਪਾਉਣ, ਮਹਾਮਾਰੀ ਐਕਟ 2005 ਸਮੇਤ ਹੋਰ ਕਾਨੂੰਨੀ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਜਿਸ 'ਚ ਧਾਰਾ 120ਬੀ, 420, 409, 336 ਦੀ 34, 35 ਅਤੇ ਮਹਾਮਾਰੀ ਐਕਟ ਦੀ ਧਾਰਾ 52,53 ਅਤੇ 55 ਸ਼ਾਮਲ ਹੈ। ਜੀਕੇ ਨੇ ਕਿਹਾ ਕਿ ਇਕ ਪਾਸੇ ਕਮੇਟੀ ਨੇ ਕੋਵਿਡ ਸੈਂਟਰ ਦੇ ਨਾਮ 'ਤੇ ਦੇਸ਼-ਵਿਦੇਸ਼ ਤੋਂ ਕਰੋੜਾਂ ਰੁਪਏ ਅਤੇ ਜੀਵਨ ਉਪਯੋਗੀ ਮੈਡੀਕਲ ਉਪਕਰਣ ਸੇਵਾ ਦੇ ਨਾਮ 'ਤੇ ਪ੍ਰਾਪਤ ਕੀਤੇ ਹਨ ਪਰ ਦੂਜੇ ਪਾਸੇ 25-30 ਦਿਨ ਤੱਕ ਇਸ ਸੈਂਟਰ 'ਚ ਕੰਮ ਕਰਨ ਵਾਲੇ ਸਟਾਫ਼ ਨੂੰ ਦਿੱਲੀ ਕਮੇਟੀ, ਦਿੱਲੀ ਸਰਕਾਰ ਅਤੇ ਐੱਨ.ਜੀ.ਓ. ਨੇ ਤਨਖਾਹ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਅੱਜ ਵੀ ਸਟਾਫ਼ ਕਮੇਟੀ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠਾ ਹੈ।


Tanu

Content Editor

Related News