ਦਿੱਲੀ ਆਬਕਾਰੀ ਘਪਲਾ ਮਾਮਲਾ : ਭਾਜਪਾ ਵੱਲੋਂ ‘ਆਪ’ ਦੇ ਦਫਤਰ ਸਾਹਮਣੇ ਵਿਖਾਵਾ

Sunday, Feb 05, 2023 - 11:25 AM (IST)

ਦਿੱਲੀ ਆਬਕਾਰੀ ਘਪਲਾ ਮਾਮਲਾ : ਭਾਜਪਾ ਵੱਲੋਂ ‘ਆਪ’ ਦੇ ਦਫਤਰ ਸਾਹਮਣੇ ਵਿਖਾਵਾ

ਨਵੀਂ ਦਿੱਲੀ (ਭਾਸ਼ਾ)– ਭਾਜਪਾ ਦੀ ਦਿੱਲੀ ਇਕਾਈ ਦੇ ਨੇਤਾਵਾਂ ਤੇ ਵਰਕਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗਦਿਆਂ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਦਫਤਰ ਸਾਹਮਣੇ ਵਿਖਾਵਾ ਕੀਤਾ। ਵਰਣਨਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਆਬਕਾਰੀ ਘਪਲਾ ਮਾਮਲੇ ’ਚ ਦਾਖਲ ਇਕ ਦੋਸ਼-ਪੱਤਰ ’ਚ ਕੇਜਰੀਵਾਲ ਨੂੰ ਨਾਮਜ਼ਦ ਕੀਤਾ ਗਿਆ ਹੈ।

ਸੂਬਾ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਈ. ਡੀ. ਨੇ ‘ਆਪ’ ਸਰਕਾਰ ਦੇ ਆਬਕਾਰੀ ਘਪਲੇ ਨਾਲ ਸਬੰਧਤ ਆਪਣੇ ਦੋਸ਼-ਪੱਤਰ ਵਿਚ ਕੇਜਰੀਵਾਲ ਨੂੰ ਨਾਮਜ਼ਦ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ‘ਆਪ’ ਨੇ ਅਜੇ ਇਨ੍ਹਾਂ ਦੋਸ਼ਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਸਚਦੇਵਾ ਨੇ ਵਿਖਾਵੇ ਦੌਰਾਨ ਦੋਸ਼ ਲਾਇਆ ਕਿ ਭਾਜਪਾ ਕੇਜਰੀਵਾਲ ਸਰਕਾਰ ਦੇ ‘ਭ੍ਰਿਸ਼ਟਾਚਾਰ’ ਦਾ ਪਰਦਾਫਾਸ਼ ਕਰਦੀ ਰਹੇਗੀ, ਜੋ ਦਿੱਲੀ ਨੂੰ ਸਿਓਂਕ ਵਾਂਗ ਖਾ ਰਹੀ ਹੈ। ਜੇ ਕੇਜਰੀਵਾਲ ’ਚ ਥੋੜ੍ਹੀ ਵੀ ਨੈਤਿਕਤਾ ਬਚੀ ਹੈ ਤਾਂ ਉਨ੍ਹਾਂ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਈ. ਡੀ. ਨੇ ਅਦਾਲਤ ’ਚ ਦਾਇਰ ਆਪਣੇ ਦੋਸ਼-ਪੱਤਰ ਵਿਚ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਰੱਦ ਕੀਤੀ ਗਈ ਆਬਕਾਰੀ ਨੀਤੀ ਵਿਚ ਕਥਿਤ ਤੌਰ ’ਤੇ ਲਈ ਗਈ 100 ਕਰੋੜ ਰੁਪਏ ਦੀ ‘ਰਿਸ਼ਵਤ’ ਦੇ ਇਕ ਹਿੱਸੇ ਦੀ ਵਰਤੋਂ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਮੁਹਿੰਮ ਵਿਚ ਕੀਤੀ ਗਈ ਸੀ।


author

Rakesh

Content Editor

Related News