ਦਿੱਲੀ ਸ਼ਰਾਬ ਨੀਤੀ ਮਾਮਲਾ: ਸਰਕਾਰੀ ਗਵਾਹ ਬਣਨਗੇ ਮਨੀਸ਼ ਸਿਸੋਦੀਆ ਦੇ ਸਹਿਯੋਗੀ ਦਿਨੇਸ਼ ਅਰੋੜਾ
Monday, Nov 07, 2022 - 05:18 PM (IST)
ਨਵੀਂ ਦਿੱਲੀ- ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਲਈ ਨਵੀਂ ਮੁਸੀਬਤ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਦਿੱਲੀ ਦੀ ਨਵੀਂ ਸ਼ਰਾਬ ਨੀਤੀ ਘਪਲੇ ਮਾਮਲੇ ’ਚ ਸੀ. ਬੀ. ਆਈ. ਮਾਮਲੇ 'ਚ ਇਕ ਦੋਸ਼ੀ ਕਾਰੋਬਾਰੀ ਦਿਨੇਸ਼ ਅਰੋੜਾ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ। ਅਰੋੜਾ ਇਸ ਕੇਸ ’ਚ ਮੁੱਖ ਦੋਸ਼ੀ ਮਨੀਸ਼ ਸਿਸੋਦੀਆ ਦੇ ਕਰੀਬੀ ਅਤੇ ਸਹਿਯੋਗੀ ਵੀ ਰਹੇ ਹਨ। ਦਿਨੇਸ਼ ਅਰੋੜਾ ਨੂੰ ਹਾਲ ਹੀ ’ਚ ਇਸ ਕੇਸ ’ਚ ਅਗਾਊਂ ਜ਼ਮਾਨਤ ਵੀ ਮਿਲੀ ਹੈ। ਸੀ. ਬੀ. ਆਈ. ਨੇ ਇਸ ਮਾਮਲੇ ’ਚ ਅਗਾਊਂ ਜ਼ਮਾਨਤ ’ਤੇ ਚੱਲ ਰਹੇ ਅਰੋੜਾ ਨੂੰ ਸਰਕਾਰੀ ਗਵਾਹ ਬਣਾਉਣ ਲਈ ਅਦਾਲਤ ਤੋਂ ਮਨਜ਼ੂਰੀ ਮੰਗੀ ਹੈ।
ਸੀ. ਬੀ. ਆਈ. ਨੇ ਉਨ੍ਹਾਂ ਦੀ ਅਰਜ਼ੀ ਰਾਊਜ਼ ਐਵੇਨਿਊ ਕੋਰਟ ’ਚ ਦਾਇਰ ਕੀਤੀ ਹੈ। ਇਸ ਦੌਰਾਨ ਦੋਸ਼ੀ ਦਿਨੇਸ਼ ਅਰੋੜਾ ਵੀ ਕੋਰਟ ਰੂਮ ’ਚ ਮੌਜੂਦ ਸਨ। ਦਿਨੇਸ਼ ਅਰੋੜਾ ਨੇ ਕਿਹਾ ਕਿ ਮੇਰੇ ਵਲੋਂ ਮੇਰੇ ਵਕੀਲ ਵਲੋਂ 1 ਨਵੰਬਰ 2022 ਨੂੰ ਐਪਲੀਕੇਸ਼ਨ ਦਿੱਤੀ ਗਈ ਸੀ। ਮੈਂ ਸਰਕਾਰੀ ਗਵਾਹ ਬਣਨ ਨੂੰ ਤਿਆਰ ਹਾਂ। ਦਿਨੇਸ਼ ਅਰੋੜਾ ਦਾ ਬਿਆਨ 14 ਨਵੰਬਰ ਨੂੰ ਦਰਜ ਹੋਵੇਗਾ। ਕੋਰਟ ਨੇ ਦਿਨੇਸ਼ ਤੋਂ ਪੁੱਛਿਆ ਕਿ ਕੀ ਕੋਈ ਦਬਾਅ ਤਾ ਨਹੀਂ, ਸੀ. ਬੀ. ਆਈ. ਵਲੋਂ ਕੋਈ ਧਮਕੀ ਤਾਂ ਨਹੀਂ ਮਿਲੀ? ਇਸ ’ਤੇ ਦਿਨੇਸ਼ ਨੇ ਕਿਹਾ ਕਿ ਉਹ ਆਪਣੀ ਇੱਛਾ ਨਾਲ ਸਰਕਾਰੀ ਗਵਾਬ ਬਣ ਰਿਹਾ ਹੈ। ਇਸ ਕੇਸ ਨਾਲ ਸਬੰਧਤ ਜੋ ਵੀ ਜਾਣਕਾਰੀ ਉਨ੍ਹਾਂ ਕੋਲ ਹੈ, ਉਸ ਨੂੰ ਦੱਸਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਸੀ. ਬੀ.ਆਈ. ਨੇ ਦਿੱਲੀ ’ਚ ਸ਼ਰਾਬ ਘਪਲੇ ’ਚ ਇਕ ਮਾਮਲਾ ਦਰਜ ਕੀਤਾ ਸੀ ਅਤੇ 8 ਲੋਕਾਂ ਖ਼ਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਦੋਸ਼ੀਆਂ ’ਚ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਉਸ ਵੇਲੇ ਦੇ ਆਬਕਾਰੀ ਕਮਿਸ਼ਨ ਅਰਵਾ ਗੋਪੀ ਕ੍ਰਿਸ਼ਨਾ, ਡਿਪਟੀ ਕਮਿਸ਼ਨਰ ਆਨੰਦ ਤਿਵਾੜੀ ਅਤੇ ਸਹਾਇਕ ਕਮਿਸ਼ਨਰ ਪੰਕਜ ਭਟਨਾਗਰ ਸ਼ਾਮਲ ਹਨ।