ਭਿਆਨਕ ਗਰਮੀ ਦਾ ਕਹਿਰ; ਦਿੱਲੀ ’ਚ ਵਧੀ ਬਿਜਲੀ ਦੀ ਮੰਗ
Wednesday, Jun 29, 2022 - 11:58 AM (IST)
ਨਵੀਂ ਦਿੱਲੀ– ਉੱਤਰ ਭਾਰਤ ’ਚ ਇਸ ਸਮੇਂ ਗਰਮੀ ਦਾ ਕਹਿਰ ਹੈ। ਭਿਆਨਕ ਗਰਮੀ ਅਤੇ ਉਸਮ ਨੇ ਲੋਕਾਂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ ਹੈ। ਗਰਮੀ ਕਾਰਨ ਦਿੱਲੀ ’ਚ ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਮੰਗਲਵਾਰ ਦੁਪਹਿਰ ਬਿਜਲੀ ਦੀ ਮੰਗ 7,601 ਮੈਗਾਵਾਟ ’ਤੇ ਪਹੁੰਚ ਗਈ। ਰਾਸ਼ਟਰੀ ਰਾਜਧਾਨੀ ’ਚ ਬਿਜਲੀ ਦੀ ਮੰਗ ਹੁਣ ਤੱਕ ਦੀ ਸਭ ਤੋਂ ਵੱਧ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਈ। ਮੰਗਲਵਾਰ ਨੂੰ ਬਿਜਲੀ ਦੀ ਮੰਗ ਨੇ 2 ਜੁਲਾਈ 2019 ਨੂੰ ਦਰਜ 7,409 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮੰਗਲਵਾਰ ਦੁਪਹਿਰ 3.21 ਵਜੇ ਉੱਚ ਪੱਧਰ ’ਤੇ ਬਿਜਲੀ ਮੰਗ ਰਿਕਾਰਡ ਕੀਤੀ ਗਈ। ਦਿੱਲੀ ’ਚ ਬਿਜਲੀ ਦੀ ਮੰਗ ਨੇ ਇਸ ਮਹੀਨੇ 7,000 ਮੈਗਾਵਾਟ ਦਾ ਅੰਕੜਾ ਪਾਰ ਕਰ ਲਿਆ ਹੈ। ਇੱਥੋਂ ਤੱਕ ਕਿ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਹੈ, ਉਸ ਮੁਤਾਬਕ 82,00 ਮੈਗਾਵਾਟ ਬਿਜਲੀ ਦੀ ਮੰਗ ਜਾਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ 9 ਜੂਨ ਤੋਂ ਪਹਿਲਾਂ ਦਿੱਲੀ ’ਚ ਬਿਜਲੀ ਦੀ ਮੰਗ ਜੂਨ ਦੇ ਮਹੀਨੇ ਦੌਰਾਨ ਕਦੇ ਵੀ 7,000 ਮੈਗਾਵਾਟ ਨੂੰ ਪਾਰ ਨਹੀਂ ਕਰ ਸਕੀ ਸੀ। ਹਾਲਾਂਕਿ ਇਸ ਸਾਲ 19 ਮਈ ਨੂੰ ਇਹ 7,070 ਮੈਗਾਵਾਟ ਸੀ। ਜੇਕਰ ਗੱਲ 2019 ਅਤੇ 2020 ਦੇ ਜੂਨ ਮਹੀਨੇ ਦੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਬਿਜਲੀ ਦੀ ਮੰਗ 29 ਜੂਨ ਦੀ ਹੀ ਤਾਰੀਖ਼ ਨੂੰ ਕ੍ਰਮਵਾਰ 6,314 ਮੈਗਾਵਾਟ ਅਤੇ 6,769 ਮੈਗਾਵਾਟ ਦਰਜ ਕੀਤੀ ਗਈ ਸੀ। ਇਹ ਅੰਕੜਾ 30 ਜੂਨ 2021 ਨੂੰ 6,921 ਤੱਕ ਪਹੁੰਚ ਗਿਆ ਸੀ। ਇਕ ਅਨੁਮਾਨ ਮੁਤਾਬਕ ਗਰਮੀ ਦੇ ਦਿਨਾਂ ’ਚ ਦਿੱਲੀ ਦੇ ਲੱਗਭਗ 50 ਫ਼ੀਸਦੀ ਬਿਜਲੀ ਦੀ ਮੰਗ ਕੂਲਰਾਂ, ਏਅਰ ਕੰਡੀਸ਼ਨਰ ਅਤੇ ਪੱਖਿਆ ਕਾਰਨ ਹੁੰਦੀ ਹੈ।