ਅਕਾਲੀਆਂ ਨੂੰ ਈ. ਡੀ. ਅਤੇ ਸੀ. ਬੀ. ਆਈ. ਦੇ ਡਰ ਨੇ ਦਿੱਲੀ ਦੇ ਚੋਣ ਮੈਦਾਨ ’ਚੋਂ ਭਜਾਇਆ : ਜੀ. ਕੇ

01/21/2020 4:15:06 PM

ਜਲੰਧਰ/ਨਵੀਂ ਦਿੱਲੀ (ਚਾਵਲਾ)— ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਹੀਂ ਦੇਣ ਨੂੰ ਜਾਗੋ ਪਾਰਟੀ ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ ਕਰਾਰ ਦਿੱਤਾ ਹੈ।

ਜਾਗੋ-ਜਗ ਆਸਰਾ ਗੁਰੂ ਓਟ (ਜਥੇ. ਸੰਤੋਖ ਸਿੰਘ) ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕਿਹਾ ਕਿ ਪਿਛਲੇ 1 ਸਾਲ ਦੌਰਾਨ ਦਿੱਲੀ ਵਿਚ ਅਕਾਲੀ ਦਲ ਅਰਸ਼ ਤੋਂ ਫਰਸ਼ ’ਤੇ ਆ ਗਿਆ, ਜਿਸ ਦਾ ਸਭ ਤੋਂ ਵੱਡਾ ਕਾਰਣ ਦਲ ਦੇ ਹੰਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਕਾਰਜਸ਼ੈਲੀ ਹੈ। ਜਿਸ ਨੇ ਕੇਵਲ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਪੂਰੀ ਪਾਰਟੀ ਦੀ ਵਿਚਾਰਧਾਰਾ ਅਤੇ ਤਾਕਤ ਨੂੰ ਦਾਅ ’ਤੇ ਲਾ ਦਿੱਤਾ ਹੈ, ਜਿਸ ਅਕਾਲੀ ਦਲ ਨੂੰ ਮੇਰੇ 11 ਸਾਲ ਦੇ ਪ੍ਰਧਾਨਗੀ ਕਾਲ ਦੌਰਾਨ ਭਾਜਪਾ ਇੱਜ਼ਤ ਨਾਲ ਟਿਕਟਾਂ ਦਿੰਦੀ ਸੀ, ਅੱਜ ਉਸ ਦੇ ਆਗੂਆਂ ਨਾਲ ਸਿੱਧੇ ਮੂੰਹ ਗੱਲ ਕਰਨਾ ਵੀ ਭਾਜਪਾ ਜ਼ਰੂਰੀ ਨਹੀਂ ਸਮਝਦੀ। ਜੀ. ਕੇ. ਨੇ ਦਾਅਵਾ ਕੀਤਾ ਕਿ ਦਿੱਲੀ ਵਿਚ ਅਕਾਲੀ ਦਲ ਦੇ ਚੋਣ ਨਾ ਲਡ਼ਨ ਦੇ ਐਲਾਨ ਦੇ ਪਿੱਛੇ ਸੀ.ਏ.ਏ. ਨਹੀਂ ਸਗੋਂ ਸੀ.ਬੀ.ਆਈ. ਅਤੇ ਈ.ਡੀ. ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲਕਲਾਂ ਗੋਲੀਕਾਂਡ ਤੋਂ ਲੈ ਕੇ ਡਰੱਗ ਰੈਕੇਟ ਤੱਕ ਦੀਆਂ ਫਾਈਲਾਂ ਇਨ੍ਹਾਂ ਕੇਂਦਰੀ ਏਜੰਸੀਆਂ ਦੀ ਜਾਂਚ ਅਧੀਨ ਹੈ। ਸੀ.ਏ.ਏ. ਦਾ ਕੱਲ ਤੱਕ ਸਡ਼ਕਾਂ ’ਤੇ ਉੱਤਰ ਕੇ ਇਹ ਸਮਰਥਨ ਕਰ ਰਹੇ ਸਨ, ਫਿਰ ਅੱਜ ਮੁਸਲਮਾਨ ਕਿਵੇਂ ਯਾਦ ਆ ਗਏ?

ਜੀ. ਕੇ. ਨੇ ਕਿਹਾ ਕਿ ਇਕ ਪਾਸੇ ਦਿੱਲੀ ਚੋਣ ਕਮਿਸ਼ਨ ਨੂੰ ਪਾਰਟੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਭੇਜਦੀ ਹੈ ਅਤੇ ਦੂਜੇ ਪਾਸੇ ਸਿਰਸਾ ਕਹਿੰਦੇ ਹਨ ਕਿ ਅਕਾਲੀ ਦਲ ਦੇ ਚੋਣ ਲਡ਼ਨ ਦੀ ਕਿਤੇ ਗੱਲ ਹੀ ਨਹੀਂ ਹੋਈ। ਮੇਰਾ ਸਵਾਲ ਹੈ ਕਿ ਫਿਰ ਸਿਰਸਾ ਰੋਜ਼ਾਨਾ ਰਾਜੌਰੀ ਗਾਰਡਨ ’ਚ ਚੋਣ ਪ੍ਰਚਾਰ ਕਰ ਕੇ ਫੇਸਬੁੱਕ ਵਿਚ ਫੋਟੋ ਕਿਉਂ ਪਾ ਰਹੇ ਸਨ? ਅਕਾਲੀ ਦਲ ਨੇ ਭਾਜਪਾ ਦੇ ਨਾਲ ਤਾਲਮੇਲ ਲਈ 3 ਸੰਸਦ ਮੈਂਬਰਾਂ ਦੀ ਉੱਚ ਪੱਧਰੀ ਕਮੇਟੀ ਕਿਉਂ ਬਣਾਈ ਸੀ?

ਜੀ. ਕੇ. ਨੇ ਕਿਹਾ ਕਿ ਅੱਜ ਦਿੱਲੀ ਵਿਚ ਐੱਸ. ਏ. ਡੀ./ਸੈਡ ਨੂੰ ਡੀ. ਈ. ਏ. ਡੀ./ਡੈੱਡ ਕਰਨ ਵਿਚ ਸਿਰਸਾ ਦੀ ਅਹਿਮ ਭੂਮਿਕਾ ਹੈ। ਐੱਸ-ਸਿਰਸਾ, ਏ-ਐਰੋਗੈਂਸ ਅਤੇ ਡੀ-ਡਿਕਟੇਟਰਸ਼ਿਪ ਦੇ ਕਾਰਣ ਪੰਥ ਦੀ ਨੁਮਾਇੰਦਾ ਜਥੇਬੰਦੀ ਅਕਾਲੀ ਦਲ ਦਿੱਲੀ ਵਿਚ ਸਿਰਸੇ ਦੀ ਹੈਂਕਡ਼ ਅਤੇ ਤਾਨਾਸ਼ਾਹੀ ਦੇ ਹੇਠ ਦਬ ਗਈ ਹੈ। ਅੱਜ ਇਹ ਆਪਣੇ 5 ਨਿਗਮ ਕੌਂਸਲਰਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਕਹਿ ਰਹੇ ਹਨ ਪਰ ਕੇਂਦਰ ਸਰਕਾਰ ਤੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਕਿਉਂ ਨਹੀਂ ਦਿਵਾਉਂਦੇ? ਜਦੋਂ ਕਿ ਸੀ.ਏ.ਏ. ਕੇਂਦਰ ਸਰਕਾਰ ਦਾ ਬਣਿਆ ਕਾਨੂੰਨ ਹੈ, ਜਿਸ ਦੇ ਨਾਲ ਤੁਹਾਡੀ ਅਸਹਿਮਤੀ ਹੈ।

ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਹਰਜੀਤ ਸਿੰਘ ਜੀ.ਕੇ., ਸਾਬਕਾ ਕਮੇਟੀ ਮੈਂਬਰ ਸਤਪਾਲ ਸਿੰਘ, ਗੁਰਵਿੰਦਰ ਪਾਲ ਸਿੰਘ ਅਤੇ ਆਗੂ ਪੁਨਪ੍ਰੀਤ ਸਿੰਘ, ਜਗਜੀਤ ਸਿੰਘ ਕਮਾਂਡਰ, ਵਿਕਰਮ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ ਅਤੇ ਅਮਰਜੀਤ ਕੌਰ ਪਿੰਕੀ ਆਦਿ ਮੌਜੂਦ ਸਨ।


DIsha

Content Editor

Related News