ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਿਲੀ ਜ਼ਮਾਨਤ

Friday, Oct 18, 2024 - 04:43 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀ  ਤੇਂਦਰ ਜੈਨ ਨੂੰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦਰਅਸਲ ਮਨੀ ਲਾਂਡਰਿੰਗ ਮਾਮਲੇ ਵਿਚ ਜੇਲ੍ਹ 'ਚ ਬੰਦ ਜੈਨ ਨੂੰ ਰਾਊਜ ਐਵੇਨਿਊ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜੈਨ 18 ਮਹੀਨੇ ਬਾਅਦ ਜੇਲ੍ਹ 'ਚੋਂ ਬਾਹਰ ਆਉਣਗੇ। ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਜੈਨ ਨੂੰ 30 ਮਈ 2022 ਨੂੰ ਉਨ੍ਹਾਂ ਨਾਲ ਜੁੜੀਆਂ 4 ਕੰਪਨੀਆਂ  ਜ਼ਰੀਏ ਮਨੀ ਲਾਂਡਰਿੰਗ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। 

ਕੋਰਟ ਨੇ ਜੈਨ ਨੂੰ ਸ਼ਰਤਾਂ ਮੁਤਾਬਕ ਜ਼ਮਾਨਤ ਦਿੱਤੀ ਹੈ। ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਣਗੇ। ਕੋਰਟ ਨੇ ਕਿਹਾ ਕਿ ਜੈਨ ਨੇ ਕਰੀਬ 18 ਮਹੀਨੇ ਤੱਕ ਜੇਲ੍ਹ ਵਿਚ ਬੰਦ ਰਹਿ ਕੇ ਸਜ਼ਾ ਕੱਟੀ ਹੈ। ਹਾਲਾਂਕਿ ਈਡੀ ਨੇ ਜੈਨ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ ਪਰ ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਜੇਲ੍ਹ ਵਿਚ ਲੰਬੀ ਸਜ਼ਾ ਕੱਟੀ ਹੈ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ, ਉਨ੍ਹਾਂ ਨੂੰ 50,000 ਰੁਪਏ ਦਾ ਨਿੱਜੀ ਮੁਚਲਕਾ ਭਰਨਾ ਹੋਵੇਗਾ। ਦੱਸ ਦੇਈਏ ਕਿ ਵਿਸ਼ੇਸ਼ ਜੱਜ ਰਾਕੇਸ਼ ਸਿਆਲ ਨੇ ਦੋਸ਼ੀਆਂ ਅਤੇ ਈਡੀ ਵਲੋਂ ਅਰਜ਼ੀ 'ਤੇ ਦਲੀਲਾਂ ਸੁਣਨ ਮਗਰੋਂ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਜੈਨ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਅੱਗੇ ਹਿਰਾਸਤ ਵਿਚ ਰੱਖਣ ਦਾ ਕੋਈ ਉਦੇਸ਼ ਪੂਰਾ ਨਹੀਂ ਹੋਵੇਗਾ।

ਕੀ ਹਨ ਜੈਨ 'ਤੇ ਦੋਸ਼?

ਜੈਨ 'ਤੇ 2009-10 ਅਤੇ 2010-11 'ਚ ਫਰਜ਼ੀ ਕੰਪਨੀਆਂ ਬਣਾਉਣ ਦਾ ਦੋਸ਼ ਹੈ। ਇਨ੍ਹਾਂ ਕੰਪਨੀਆਂ ਵਿਚ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਇੰਡੋ ਮੈਟਲ ਇੰਪੈਕਸ ਪ੍ਰਾਈਵੇਟ ਲਿਮਟਿਡ, ਪ੍ਰਯਾਸ ਇਨਫੋ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਮੰਗਲਯਤਨ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਈਡੀ ਵੱਲੋਂ ਇਸ ਮਾਮਲੇ 'ਚ ਸਤੇਂਦਰ ਜੈਨ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਪੂਨਮ ਜੈਨ, ਅਜੀਤ ਪ੍ਰਸਾਦ ਜੈਨ, ਸੁਨੀਲ ਕੁਮਾਰ ਜੈਨ, ਵੈਭਵ ਜੈਨ, ਅੰਕੁਸ਼ ਜੈਨ, ਮੈਸਰਜ਼ ਅਕਿੰਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਪ੍ਰਯਾਸ ਇਨਫੋ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਮੰਗਲਯਤਨ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਅਤੇ ਜੇ.ਜੇ. ਆਈਡੀਅਲ ਅਸਟੇਟ ਪ੍ਰਾਈਵੇਟ ਲਿਮਟਿਡ ਨੂੰ ਦੋਸ਼ੀ ਬਣਾਇਆ ਗਿਆ ਹੈ। ਈਡੀ ਨੇ ਸਤੇਂਦਰ ਜੈਨ ਨੂੰ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ।


Tanu

Content Editor

Related News