ਦਿੱਲੀ ''ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ 25 ਹਜ਼ਾਰ ਦੇ ਪਾਰ, 10 ਰੇਲ ਕੋਚ ਬਣਾਏ ਗਏ ਕੋਰੋਨਾ ਵਾਰਡ
Friday, Jun 05, 2020 - 09:51 AM (IST)
ਨੈਸ਼ਨਲ ਡੈਸਕ- ਦਿੱਲੀ 'ਚ ਕੋਰੋਨਾ ਵਾਇਰਸ ਦੇ 1,359 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਸ਼ਟਰੀ ਰਾਜਧਾਨੀ 'ਚ ਮਰੀਜ਼ਾਂ ਦਾ ਅੰਕੜਾ 25 ਹਜ਼ਾਰ ਪਾਰ ਚੱਲਾ ਗਿਆ ਹੈ। ਦਿੱਲੀ 'ਚ ਹੁਣ ਤੱਕ ਇਕ ਹੀ ਦਿਨ 'ਚ ਸਭ ਤੋਂ ਵਧ 1,513 ਇਨਫੈਕਸ਼ਨ ਦੇ ਮਾਮਲੇ 3 ਜੂਨ ਨੂੰ ਸਾਹਮਣੇ ਆਏ ਸਨ। ਇਕ ਬੁਲੇਟਿਨ ਅਨੁਸਾਰ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 650 ਤੱਕ ਪਹੁੰਚ ਗਈ ਹੈ, ਜਦੋਂ ਕਿ ਪੀੜਤ ਮਰੀਜ਼ਾਂ ਦੀ ਗਿਣਤੀ 25,004 ਹੋ ਗਈ ਹੈ। ਉੱਥੇ ਹੀ ਦਿੱਲੀ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ 10 ਰੇਲ ਕੋਚ ਕੋਰੋਨਾ ਵਾਰਡ 'ਚ ਤਬਦੀਲ ਕੀਤੇ ਗਏ ਹਨ। ਇਹ ਸਾਰੇ ਰੇਲ ਕੋਚ ਸ਼ਕੂਰ ਬਸਤੀ ਰੇਲਵੇ ਸਟੇਸ਼ਨ 'ਤੇ ਕੋਰੋਨਾ ਮਰੀਜ਼ਾਂ ਦੀ ਸਹਲੂਤ ਲਈ ਖੜ੍ਹੇ ਹਨ।
ਰੇਲਵੇ ਦੇ ਮੈਡੀਕਲ ਅਫ਼ਸਰ ਡਾਕਟਰ ਜੇ. ਭਾਟੀਆ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ 'ਚ ਕੋਰੋਨਾ ਦੇ ਹਲਕੇ ਲੱਛਣ ਦਿਖਾਈ ਦੇਣਗੇ, ਉਨ੍ਹਾਂ ਨੂੰ ਇਸ ਰੇਲ ਕੋਚ 'ਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਕੋਚ 'ਚ 16 ਬੈੱਡ ਅਤੇ ਆਕਸੀਜਨ ਸਿਲੰਡਰ ਹਨ। ਹਰ ਕੋਚ 'ਚ ਡਾਕਟਰ, ਨਰਸ, ਮੈਡੀਕਲ ਸਟਾਫ ਅਤੇ ਸੈਨੇਟਾਈਜੇਸ਼ਨ ਵਰਕਰ ਤਾਇਨਾਤ ਰਹਿਣਗੇ। ਡਾਕਟਰ ਭਾਟੀਆ ਨੇ ਕਿਹਾ ਕਿ ਰੇਲ ਕੋਚ 'ਚ ਭਰਤੀ ਮਰੀਜ਼ ਜੇਕਰ ਠੀਕ ਨਹੀਂ ਹੁੰਦਾ ਹੈ ਅਤੇ ਡਾਕਟਰ ਨੂੰ ਲੱਗਦਾ ਹੈ ਕਿ ਉਸ ਨੂੰ ਤੁਰੰਤ ਹਸਪਤਾਲ 'ਚ ਸ਼ਿਫਟ ਕੀਤਾ ਜਾਵੇ ਤਾਂ ਪੀੜਤ ਸ਼ਖਸ ਨੂੰ ਕੋਵਿਡ-19 ਲਈ ਬਣਾਏ ਗਏ ਹਸਪਤਾਲ 'ਚ ਭੇਜਿਆ ਜਾਵੇਗਾ। ਡਾ. ਭਾਟੀਆ ਨੇ ਕਿਹਾ ਕਿ ਰੇਲ ਕੋਚ ਦੇ ਕੋਰੋਨਾ ਵਾਰਡ 'ਚ ਬਦਲਣ ਦਾ ਫਾਇਦਾ ਦਿੱਲੀ ਵਾਸੀਆਂ ਨੂੰ ਹੀ ਹੋਵੇਗਾ, ਕਿਉਂਕਿ ਮਾਮੂਲੀ ਲੱਛਣ ਵਾਲਿਆਂ ਨੂੰ ਵੀ ਹਸਪਤਾਲ ਵਰਗੀਆਂ ਸਹੂਲਤਾਂ ਇੱਥੇ ਮਿਲਣਗੀਆਂ। ਦੱਸਣਯੋਗ ਹੈ ਕਿ ਦਿੱਲੀ 'ਚ ਦਿਨੋਂ-ਦਿਨ ਕੋਰੋਨਾ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।