ਦਿੱਲੀ ਦੇ ਬਾਰਡਰ ਸੀਲ ਰਹਿਣਗੇ ਜਾਂ ਨਹੀਂ, ਅੱਜ ਹੋਵੇਗਾ ਫੈਸਲਾ
Saturday, Jun 06, 2020 - 01:46 AM (IST)
ਨਵੀਂ ਦਿੱਲੀ : ਦਿੱਲੀ ਬਾਰਡਰ ਸੀਲ ਨੂੰ ਲੈ ਕੇ ਦਿੱਲੀ ਦੇ 7.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਸੁਝਾਅ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਹੈ। ਸਭ ਤੋਂ ਜ਼ਿਆਦਾ ਵਟਸਐਪ 'ਤੇ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਝਾਅ ਭੇਜਿਆ ਹੈ। ਇਸ ਤੋਂ ਬਾਅਦ ਕਾਲ ਕਰਕੇ 53 ਹਜ਼ਾਰ ਲੋਕਾਂ ਨੇ ਸੁਝਾਅ ਰਿਕਾਰਡ ਕਰਵਾਇਆ ਹੈ। ਨਾਲ ਹੀ ਈਮੇਲ ਕਰਕੇ ਕਰੀਬ 5 ਹਜ਼ਾਰ ਲੋਕਾਂ ਨੇ ਸੁਝਾਅ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਤੋਂ ਬਾਰਡਰ ਖੋਲ੍ਹਣ ਜਾਂ ਨਾ ਖੋਲ੍ਹਣ ਅਤੇ ਦਿੱਲੀ ਦੇ ਹਸਪਤਾਲਾਂ ਨੂੰ ਦਿੱਲੀ ਦੇ ਲੋਕਾਂ ਲਈ ਰਿਜ਼ਰਵ ਕਰਣ ਨੂੰ ਲੈ ਕੇ ਸੁਝਾਅ ਮੰਗੇ ਸਨ। ਇਸੇ ਦੇ ਮੱਦੇਨਜ਼ਰ ਲੱਖਾਂ ਲੋਕਾਂ ਨੇ ਆਪਣੇ ਸੁਝਾਅ ਵਟਸਐਪ ਨੰਬਰ 8800007722, ਈਮੇਲ- delhicm.suggestions@gmail.com ਦੇ ਨਾਲ ਹੈਲਪਲਾਈਨ ਨੰਬਰ 1031 'ਤੇ ਕਾਲ ਕਰਕੇ ਰਿਕਾਰਡ ਕਰਵਾਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨੀਵਾਰ ਨੂੰ ਜਨਤਾ ਤੋਂ ਮਿਲੇ ਸੁਝਾਵਾਂ 'ਤੇ ਵਿਚਾਰ ਕਰਕੇ ਦਿੱਲੀ ਬਾਰਡਰ ਖੋਲ੍ਹਣ ਦਾ ਫੈਸਲਾ ਲੈਣਗੇ।
ਦੱਸ ਦਈਏ ਕਿ ਬੀਤੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ 'ਚ ਦੇਸ਼ਭਰ ਦੇ ਲੋਕ ਇਲਾਜ ਕਰਵਾਉਣ ਲਈ ਆਉਂਦੇ ਹਨ। ਬਾਰਡਰ ਖੋਲ੍ਹ ਦਿੱਤਾ ਤਾਂ ਦੇਸ਼ਭਰ ਤੋਂ ਲੋਕ ਇਲਾਜ ਕਰਵਾਉਣ ਲਈ ਦਿੱਲੀ ਆਉਣਗੇ ਅਤੇ ਹਸਪਤਾਲਾਂ ਦੇ ਸਾਰੇ ਬੈਡ ਕੁੱਝ ਦਿਨਾਂ 'ਚ ਹੀ ਭਰ ਜਾਣਗੇ। ਮੁੱਖ ਮੰਤਰੀ ਨੇ ਦਿੱਲੀ ਵਾਸੀਆਂ ਤੋਂ ਪੁੱਛਿਆ ਕਿ ਅਜਿਹੇ 'ਚ ਕੀ ਬਾਰਡਰ ਖੋਲ੍ਹਣੇ ਚਾਹੀਦੇ ਹਨ ਜਾਂ ਨਹੀਂ ਖੋਲ੍ਹਣੇ ਚਾਹੀਦੇ ਹਨ? ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਸਾਰਿਆਂ ਦੀ ਹੈ ਅਤੇ ਦੇਸ਼ ਦੀ ਰਾਜਧਾਨੀ ਹੈ। ਦਿੱਲੀ ਕਿਸੇ ਦਾ ਇਲਾਜ ਕਰਣ ਤੋਂ ਮਨਾ ਨਹੀਂ ਕਰ ਸਕਦੀ ਹੈ। ਫਿਰ ਵੀ ਇਸ 'ਤੇ ਦਿੱਲੀ ਵਾਸੀਆਂ ਦਾ ਸਾਨੂੰ ਸੁਝਾਅ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਸੁਝਾਅ ਦੇਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹਫ਼ਤੇ ਲਈ ਦਿੱਲੀ ਬਾਰਡਰ ਨੂੰ ਸੀਲ ਕਰਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਪੀਲ 'ਤੇ ਸ਼ੁੱਕਰਵਾਰ ਸ਼ਾਮ ਤੱਕ ਈਮੇਲ 'ਤੇ ਕਰੀਬ 5000 ਦਿੱਲੀ ਦੇ ਲੋਕਾਂ ਨੇ ਆਪਣੇ ਸੁਝਾਅ ਭੇਜੇ ਹਨ। ਜਦੋਂ ਕਿ ਵਟਸਐਪ 'ਤੇ 7 ਲੱਖ ਲੋਕਾਂ ਨੇ ਸੁਝਾਅ ਭੇਜਿਆ ਹੈ। ਇਸ ਤੋਂ ਇਲਾਵਾ 53 ਹਜ਼ਾਰ ਲੋਕਾਂ ਨੇ ਕਾਲ ਕਰਕੇ ਆਪਣਾ ਸੁਝਾਅ ਰਿਕਾਰਡ ਕਰਵਾਇਆ ਹੈ। ਇਸ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਾਰਡਰ ਖੋਲ੍ਹਣ ਨੂੰ ਲੈ ਕੇ 7.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਸੁਝਾਅ ਭੇਜਿਆ ਹੈ। ਮੁੱਖ ਮੰਤਰੀ ਜਨਤਾ ਤੋਂ ਮਿਲੇ ਸੁਝਾਵਾਂ 'ਤੇ ਸ਼ਨੀਵਾਰ ਨੂੰ ਮਾਹਰਾਂ ਨਾਲ ਚਰਚਾ ਕਰਣਗੇ ਅਤੇ ਇਸ ਤੋਂ ਬਾਅਦ ਬਾਰਡਰ ਖੋਲ੍ਹਣ ਨੂੰ ਲੈ ਕੇ ਠੋਸ ਫੈਸਲਾ ਲੈਣਗੇ। ਨਾਲ ਹੀ ਦਿੱਲੀ ਦੇ ਹਸਪਤਾਲਾਂ 'ਚ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਹੋਵੇ ਜਾਂ ਸਾਰਿਆਂ ਦਾ ਇਲਾਜ ਹੋਵੇ, ਇਸ 'ਤੇ ਵੀ ਫ਼ੈਸਲਾ ਹੋਵੇਗਾ।