ਦਿੱਲੀ ਧਮਾਕਾ : ਅਲ-ਫਲਾਹ ਯੂਨੀਵਰਸਿਟੀ ’ਤੇ ਕੱਸੇਗਾ ਸ਼ਿਕੰਜਾ, ਨੈਕ ਨੇ ਭੇਜਿਆ ਨੋਟਿਸ
Friday, Nov 14, 2025 - 12:24 AM (IST)
ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੇ ਅਲ-ਫਲਾਹ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ’ਤੇ ਗਲਤ ਮਾਨਤਾ ਸਰਟੀਫਿਕੇਟ ਪ੍ਰਦਰਸ਼ਿਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਯੂਨੀਵਰਸਿਟੀ ਦਿੱਲੀ ’ਚ ਲਾਲ ਕਿਲੇ ਨੇੜੇ ਸੋਮਵਾਰ ਨੂੰ ਹੋਏ ਧਮਾਕੇ ਦੇ ਮਾਮਲੇ ’ਚ ਜਾਂਚ ਦੇ ਘੇਰੇ ’ਚ ਹੈ।
ਨੈਕ ਇਕ ਖੁਦਮੁਖਤਿਆਰ ਸਰਕਾਰੀ ਸੰਸਥਾ ਹੈ, ਜੋ ਕਾਲਜਾਂ ਅਤੇ ਯੂਨੀਵਰਸਿਟੀਆਂ ਵਰਗੇ ਉੱਚ ਸਿੱਖਿਆ ਸੰਸਥਾਵਾਂ ਦੀ ਗੁਣਵੱਤਾ ਦਾ ਮੁਲਾਂਕਣ ਅਤੇ ਮਾਨਤਾ ਦਿੰਦੀ ਹੈ। ਕਾਰਨ ਦੱਸੋ ਨੋਟਿਸ ’ਚ ਐੱਨ. ਏ. ਏ. ਸੀ. ਨੇ ਕਿਹਾ ਕਿ ਉਸ ਨੇ ਪਾਇਆ ਹੈ ਕਿ ਅਲ-ਫਲਾਹ ਯੂਨੀਵਰਸਿਟੀ, ਜੋ ਨਾ ਤਾਂ ਮਾਨਤਾ ਪ੍ਰਾਪਤ ਹੈ ਅਤੇ ਨਾ ਹੀ ਉਸ ਨੇ ਐੱਨ. ਏ. ਏ. ਸੀ. ਰਾਹੀਂ ਮਾਨਤਾ ਲਈ ਅਰਜ਼ੀ ਦਿੱਤੀ ਹੈ, ਨੇ ਆਪਣੀ ਵੈੱਬਸਾਈਟ ’ਤੇ ਜਨਤਕ ਤੌਰ ’ਤੇ ਪ੍ਰਦਰਸ਼ਿਤ ਕੀਤਾ ਹੈ ਕਿ ਅਲ-ਫਲਾਹ ਯੂਨੀਵਰਸਿਟੀ ਅਲ-ਫਲਾਹ ਚੈਰੀਟੇਬਲ ਟਰੱਸਟ ਦੀ ਇਕ ਪਹਿਲ ਹੈ, ਜੋ ਕੈਂਪਸ ’ਚ 3 ਕਾਲਜ ਚਲਾ ਰਹੀ ਹੈ। ਕਾਰਨ ਦੱਸੋ ਨੋਟਿਸ ’ਚ ਕਿਹਾ ਗਿਆ ਹੈ ਕਿ ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਜਨਤਾ ਖਾਸ ਕਰ ਕੇ ਮਾਪਿਆਂ, ਵਿਦਿਆਰਥੀਆਂ ਅਤੇ ਹਿੱਤਧਾਰਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ।
