ਦਿੱਲੀ ਚੋਣਾਂ : ਕੀ ਇਸ ਵਾਰ ਵੀ ਕੇਜਰੀਵਾਲ ਲਾ ਸਕਣਗੇ ਜਿੱਤ ਦੀ ਹੈਟ੍ਰਿਕ, ਮੁਕਾਬਲਾ ਹੋਵੇਗਾ ਦਿਲਚਸਪ

02/02/2020 2:02:01 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 8 ਫਰਵਰੀ ਨੂੰ ਹੋਣੀਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਚੋਣਾਂ ਆਉਣ 'ਚ ਬਸ ਗਿਣੇ-ਚੁਣੇ ਦਿਨ ਹੀ ਬਾਕੀ ਰਹਿ ਗਏ ਹਨ। 11 ਫਰਵਰੀ ਨੂੰ ਨਤੀਜੇ ਆਉਣਗੇ ਅਤੇ ਸਾਫ ਹੋ ਜਾਵੇਗਾ ਕਿ ਦਿੱਲੀ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ 'ਚ ਆਉਂਦੀ ਹੈ। ਵੱਡੀ ਗੱਲ ਇਹ ਹੈ ਕਿ ਇਸ ਵਾਰ ਦਿੱਲੀ 'ਚ ਅਰਵਿੰਦ ਕੇਜਰੀਵਾਲ ਆਪਣੇ 'ਝਾੜੂ' ਦਾ ਦਮ-ਖਮ ਦਿਖਾ ਸਕਣਗੇ ਜਾਂ ਨਹੀਂ। ਇਸ ਨੂੰ ਮਹਿਜ ਇਕ ਸੰਜੋਗ ਮੰਨ ਲਿਆ ਜਾਵੇ ਜਾਂ ਕੁਝ ਹੋਰ ਪਰ ਇਸ ਨੂੰ ਕੋਈ ਝੂਠਲਾ ਨਹੀਂ ਸਕਦਾ ਕਿ ਪਿਛਲੇ ਦੋ ਦਹਾਕਿਆਂ ਤੋਂ ਨਵੀਂ ਦਿੱਲੀ ਦੇ ਵਿਧਾਇਕ ਦੇ ਰੂਪ ਵਿਚ ਜਨਤਾ ਜਿਸ ਨੂੰ ਚੁਣਦੀ ਆ ਰਹੀ ਹੈ, ਮੁੱਖ ਮੰਤਰੀ ਵੀ ਉਹ ਹੀ ਬਣਦਾ ਹੈ। ਨਵੀਂ ਦਿੱਲੀ ਵਿਧਾਨ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੀ ਗਿਣਤੀ ਦਿੱਲੀ ਦੀਆਂ ਸਭ ਤੋਂ ਮਹੱਤਵਪੂਰਨ ਵਿਧਾਨ ਸਭਾ ਸੀਟਾਂ 'ਚ ਕੀਤੀ ਜਾਂਦੀ ਹੈ। 

ਭਾਜਪਾ ਅਤੇ ਕਾਂਗਰਸ ਦੇ ਇਹ ਦੋ ਚਿਹਰੇ ਕੇਜਰੀਵਾਲ ਨੂੰ ਦੇਣਗੇ ਟੱਕਰ—
ਇਸ ਵਾਰ ਦੀਆਂ ਚੋਣਾਂ ਯਾਨੀ ਕਿ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਭਾਜਪਾ ਵਲੋਂ ਸੁਨੀਲ ਯਾਦਵ ਅਤੇ ਕਾਂਗਰਸ ਵਲੋਂ ਰੋਮੇਸ਼ ਸਭਰਵਾਲ ਟੱਕਰ ਦੇਣ ਲਈ ਖੜ੍ਹੇ ਹਨ। ਕੇਜਰੀਵਾਲ ਨੂੰ ਇਹ ਦੋਵੇਂ ਨੇਤਾ ਟੱਕਰ ਦੇ ਸਕਣਗੇ ਜਾਂ ਨਹੀਂ, ਇਹ ਦੇਖਣਾ ਵੀ ਕਾਫੀ ਦਿਲਚਸਪ ਹੋਵੇਗਾ, ਕੁੱਲ ਮਿਲਾ ਕੇ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।

1993 'ਚ ਭਾਜਪਾ ਨੂੰ ਨਵੀਂ ਦਿੱਲੀ ਸੀਟ ਤੋਂ ਜਿੱਤ ਹਾਸਲ ਹੋਈ—
ਇੱਥੇ ਦੱਸ ਦੇਈਏ ਇਕ ਨਵੀਂ ਦਿੱਲੀ ਅਤੇ ਉਸ ਤੋਂ ਪਹਿਲਾਂ ਗੋਲ ਮਾਰਕੀਟ ਸੀਟ ਕਾਂਗਰਸ ਦੀ ਗੜ੍ਹ ਰਹੀ ਸੀ। ਸਿਰਫ 1993 'ਚ ਭਾਜਪਾ ਨੂੰ ਇਸ ਸੀਟ 'ਤੇ ਜਿੱਤ ਹਾਸਲ ਹੋਈ। ਉਦੋਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਕਾਂਗਰਸ ਦੇ ਬ੍ਰਜਮੋਹਨ ਸ਼ਰਮਾ ਨੂੰ 15 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਹਰਾਇਆ ਸੀ ਅਤੇ ਭਾਜਪਾ ਨੇ 70 'ਚੋਂ 49 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਸਾਲ 1998 'ਚ ਦਿੱਲੀ ਦੀ ਰਾਜਨੀਤੀ ਵਿਚ ਕਾਂਗਰਸ ਦੀ ਮਰਹੂਮ ਨੇਤਾ ਸ਼ੀਲਾ ਦੀਕਸ਼ਤ ਨਾਂ ਦੇ ਸਿਤਾਰੇ ਦਾ ਉਦੈ ਹੋਇਆ ਸੀ ਅਤੇ ਨਵੀਂ ਦਿੱਲੀ ਤੋਂ ਲਗਾਤਾਰ 3 ਵਾਰ ਜਿੱਤ ਕੇ 15 ਸਾਲ ਦਿੱਲੀ 'ਤੇ ਰਾਜ ਕੀਤਾ।

2013 'ਚ ਹੋਇਆ ਆਮ ਆਦਮੀ ਪਾਰਟੀ ਦਾ ਉਦੈ—
ਸਾਲ 2013 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਦਿੱਲੀ ਸਮੇਤ ਦੁਨੀਆ ਭਰ 'ਚ ਸ਼ੁਰੂ ਹੋਏ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨਾਲ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਉਦੈ ਹੋਇਆ। ਕੇਜਰੀਵਾਲ ਨੇ ਦਸੰਬਰ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਸਿੱਧੇ ਸ਼ੀਲਾ ਦੀਕਸ਼ਤ ਨੂੰ ਚੁਣੌਤੀ ਦਿੱਤੀ ਅਤੇ ਨਵੀਂ ਦਿੱਲੀ ਸੀਟ ਤੋਂ ਉਨ੍ਹਾਂ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਲੋਕਪਾਲ ਨੂੰ ਲੈ ਕੇ ਪੈਦਾ ਹੋਏ ਮਤਭੇਦ ਕਾਰਨ ਕੇਜਰੀਵਾਲ ਨੇ ਫਰਵਰੀ 2014 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਦਿੱਲੀ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਸਾਲ 2015 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ 'ਆਪ' ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਈ। ਪਾਰਟੀ ਨੇ 70 'ਚੋਂ 67 ਸੀਟਾਂ ਜਿੱਤੀਆਂ। ਨਵੀਂ ਦਿੱਲੀ ਤੋਂ ਮੁੜ ਚੋਣ ਜਿੱਤ ਕੇ ਕੇਜਰੀਵਾਲ ਨੇ 5 ਸਾਲ ਲਈ ਦਿੱਲੀ ਦੀ ਸੱਤਾ ਆਪਣੇ ਨਾਮ ਕਰ ਲਈ। ਅਜਿਹੇ ਵਿਚ ਇਹ ਸਵਾਲ ਚੁੱਕਣਾ ਲਾਜ਼ਮੀ ਹੈ ਕਿ ਕੀ ਇਸ ਵਾਰ ਵੀ ਨਵੀਂ ਦਿੱਲੀ ਦੇ ਵੋਟਰ ਹੀ ਅਗਲਾ ਮੁੱਖ ਮਤੰਰੀ ਚੁਣਨਗੇ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। 


Tanu

Content Editor

Related News