ਦਿੱਲੀ ਹਵਾਈ ਅੱਡੇ ’ਤੇ ਕਰੀਬ 5 ਲੱਖ ਡਾਲਰ ਦੀ ਤਸਕਰੀ ਦੇ ਦੋਸ਼ ’ਚ 5 ਵਿਦੇਸ਼ੀ ਗਿ੍ਰਫਤਾਰ
Saturday, Aug 31, 2019 - 12:37 PM (IST)

ਨਵੀਂ ਦਿੱਲੀ— ਮਾਲ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਕਥਿਤ ਤੌਰ ’ਤੇ ਤਸਕਰੀ ਕਰ ਕੇ ਕਰੀਬ 5 ਲੱਖ ਡਾਲਰ ਹਾਂਗਕਾਂਗ ਲਿਜਾਉਣ ਦੀ ਕੋਸ਼ਿਸ਼ ਕਰ ਰਹੇ 5 ਵਿਦੇਸ਼ੀ ਨਾਗਰਿਕਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੀ ਇਨਫੋਰਸਮੈਂਟ ਇਕਾਈ ਡੀ.ਆਰ.ਆਈ. ਨੇ ਬੁੱਧਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 5 ਵਿਦੇਸ਼ੀਆਂ ਨੂੰ ਰੋਕਿਆ।
ਇਹ ਸਾਰੇ ਤਾਇਵਾਨ ਦੇ ਹਨ ਅਤੇ ਹਾਂਗਕਾਂਗ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਸਾਮਾਨ ਦੀ ਜਾਂਚ ’ਚ 4,49,600 ਡਾਲਰ (ਕਰੀਬ 3,25,51,040 ਰੁਪਏ) ਮਿਲੇ, ਜੋ ਉਹ ਤਸਕਰੀ ਕਰ ਕੇ ਹਾਂਗਕਾਂਗ ਲਿਜਾ ਰਹੇ ਸਨ। 25 ਅਗਸਤ ਨੂੰ ਹਾਂਗਕਾਂਗ ਤੋਂ ਭਾਰਤ ਆਏ ਇਨ੍ਹਾਂ ਵਿਦੇਸ਼ੀਆਂ ਨੇ ਪੁੱਛ-ਗਿੱਛ ’ਚ ਸਵੀਕਾਰ ਕੀਤਾ ਕਿ ਉਹ ਇਕ ਵੱਡੇ ਮਾਫੀਆ ਦਾ ਹਿੱਸਾ ਹਨ, ਜੋ ਵਿਦੇਸ਼ ਤੋਂ ਭਾਰਤ ’ਚ ਸੋਨੇ ਦੀ ਅਤੇ ਭਾਰਤ ਤੋਂ ਵਿਦੇਸ਼ੀ ਮੁਦਰਾ ਦੀ ਤਸਕਰੀ ਕਰਦਾ ਹੈ। ਅਧਿਕਾਰੀਆਂ ਅਨੁਸਾਰ ਬਰਾਮਦ ਨਕਦੀ ਨੂੰ ਜ਼ਬਤ ਕਰ ਕੇ ਦੋਸ਼ੀਆਂ ਨੂੰ ਕਸਟਮ ਕਾਨੂੰਨ ਦੇ ਅਧੀਨ ਗਿ੍ਰਫਤਾਰ ਕੀਤਾ ਗਿਆ ਹੈ। ਡੀ.ਆਰ.ਆਈ. ਨੇ ਵੀਰਵਾਰ ਨੂੰ ਉਨ੍ਹਾਂ ਨੂੰ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।