ਮੁੜ ''ਬੇਹੱਦ ਖਰਾਬ'' ਹੋਈ ਦਿੱਲੀ ਦੀ ਆਬੋ-ਹਵਾ, 22 ਤਕ ਰਹੇਗੀ ਅਜਿਹੀ ਸਥਿਤੀ
Thursday, Nov 21, 2019 - 11:49 AM (IST)
ਨਵੀਂ ਦਿੱਲੀ (ਭਾਸ਼ਾ)— ਹਵਾ ਦੀ ਰਫਤਾਰ ਘੱਟ ਹੋਣ ਕਾਰਨ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਹਿੱਸਿਆਂ 'ਚ ਹਵਾ ਫਿਰ ਜ਼ਹਿਰੀਲੀ ਹੋ ਚੁੱਕੀ ਹੈ। ਵੀਰਵਾਰ ਸਵੇਰੇ ਦਿੱਲੀ 'ਚ ਹਵਾ ਦੀ ਗੁਣਵੱਤਾ (ਏਅਰ ਕਵਾਲਿਟੀ ਇੰਡੈਕਸ) 356 ਰਿਹਾ, ਜੋ ਬੇਹੱਦ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਦੀ ਰਫਤਾਰ ਘੱਟ ਹੋਣ ਕਾਰਨ ਪ੍ਰਦੂਸ਼ਕ ਤੱਤ ਹਵਾਂ 'ਚ ਜੰਮਣ ਲੱਗੇ ਹਨ। ਮੌਸਮ ਵਿਭਾਗ ਮੁਤਾਬਕ 21 ਅਤੇ 22 ਨਵੰਬਰ ਨੂੰ ਹਵਾ ਪ੍ਰਦੂਸ਼ਣ ਦਿੱਲੀ ਵਾਸੀਆਂ ਨੂੰ ਫਿਰ ਤੋਂ ਪਰੇਸ਼ਾਨ ਕਰੇਗਾ।
ਮੌਸਮ ਵਿਭਾਗ ਦੇ ਇਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਹਵਾ ਗੁਣਵੱਤਾ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੇਹੱਦ ਖਰਾਬ ਸ਼੍ਰੇਣੀ ਵਿਚ ਬਣੀ ਰਹਿ ਸਕਦੀ ਹੈ। ਸਰਕਾਰੀ ਹਵਾ ਗੁਣਵੱਤਾ ਨਿਗਰਾਨੀ ਸੰਸਥਾ 'ਸਫਰ' ਨੇ ਦੱਸਿਆ ਕਿ ਸ਼ਨੀਵਾਰ ਨੂੰ ਹਵਾ ਦੀ ਰਫਤਾਰ ਵਧਣ ਦੀ ਉਮੀਦ ਹੈ, ਜਿਸ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।
ਦੱਸਣਯੋਗ ਹੈ ਕਿ 0-50 ਤਕ ਦਾ ਏਅਰ ਕਵਾਲਿਟੀ ਇੰਡੈਕਸ 'ਚੰਗਾ' ਮੰਨਿਆ ਜਾਂਦਾ ਹੈ। 51-100 ਤਕ 'ਤਸੱਲੀਬਖਸ਼', 101-200 ਤਕ 'ਮੱਧ', 201-300 'ਖਰਾਬ', 301-400 ਤਕ 'ਬਹੁਤ ਖਰਾਬ' ਅਤੇ ਇਸ ਤੋਂ ਉੱਪਰ ਗੰਭੀਰ ਸ਼੍ਰੇਣੀ 'ਚ ਆਉਂਦਾ ਹੈ। 500 ਦੇ ਉੱਪਰ ਏਅਰ ਕਵਾਲਿਟੀ ਇੰਡੈਕਸ ਗੰਭੀਰ ਅਤੇ ਐਮਰਜੈਂਸੀ ਸਥਿਤੀ ਲਈ ਹੁੰਦਾ ਹੈ।