LPG ਸਿਲੰਡਰ ਫਟਣ ਕਾਰਨ ਇਮਾਰਤ ਹੋਈ ਢਹਿ-ਢੇਰੀ, 8 ਲੋਕ ਜ਼ਖ਼ਮੀ
Monday, Apr 17, 2023 - 10:18 AM (IST)
ਨਵੀਂ ਦਿੱਲੀ- ਨਵੀਂ ਦਿੱਲੀ ਦੇ ਨਾਂਗਲੋਈ ਰੋਡ 'ਤੇ ਸੋਮਵਾਰ ਯਾਨੀ ਕਿ ਅੱਜ ਇਕ LPG ਸਿਲੰਡਰ ਫਟਣ ਨਾਲ ਇਕ ਇਮਾਰਤ ਢਹਿ-ਢੇਰੀ ਹੋ ਗਈ। ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋ ਗਏ। ਮੌਕੇ 'ਤੇ ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀ ਪਹੁੰਚੇ। ਜ਼ਖ਼ਮੀਆਂ ਨੂੰ ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਦੀ ਮਦਦ ਨਾਲ ਕੱਢਿਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਨਾਂਗਲੋਈ ਰੋਡ ਦੇ ਕੁੰਵਰ ਸਿੰਘ ਨਗਰ ਦੀ ਗਲੀ ਨੰਬਰ-10 ਦੇ ਡੀ-ਬਲਾਕ ਵਿਚ ਵਾਪਰੀ ਹੈ। LPG ਸਿਲੰਡਰ 'ਚ ਧਮਾਕੇ ਮਗਰੋਂ ਇਮਾਰਤ ਢਹਿ-ਢੇਰੀ ਹੋ ਗਈ। ਘਰ ਵਿਚ ਰਹਿਣ ਵਾਲੇ 8 ਲੋਕ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫ਼ਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਇਸ ਦੌਰਾਨ ਇਕ ਹੋਰ ਘਟਨਾ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਟੈਗੋਰ ਗਾਰਡਨ ਖੇਤਰ 'ਚ ਐਤਵਾਰ ਨੂੰ ਵਾਪਰੀ, ਜਿਸ ਵਿਚ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਹ ਇਮਾਰਤ ਮੈਟਰੋ ਪਿਲਰ ਨੰਬਰ 448 ਦੇ ਸਾਹਮਣੇ ਸਥਿਤ ਸੀ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਇਮਾਰਤ ਨਾਲ ਲੱਗਦੇ ਪਲਾਟ ਦੇ ਬੇਸਮੈਂਟ ਵਿਚ ਖੋਦਾਈ ਦੀ ਗਤੀਵਿਧੀ ਕਾਰਨ ਹੋਇਆ ਹੈ ਗ਼ਨੀਮਤ ਇਹ ਰਹੀ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਘਟਨਾ ਨੂੰ ਦੁਖਦਾਈ ਦੱਸਿਆ ਹੈ। ਦੋਵਾਂ ਖੇਤਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਅਸੀਂ ਬਚਾਅ ਟੀਮ ਦੇ ਨਾਲ ਲਗਾਤਾਰ ਸੰਪਰਕ ਵਿਚ ਹਾਂ। ਮੈਂ ਪਰਮਾਤਮਾ ਅੱਗੇ ਸਾਰਿਆਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।