ਦਿੱਲੀ ''ਚ ਕਰੀਬ 7200 ਗੈਰ-ਕਾਨੂੰਨੀ ਬੋਰਵੈੱਲ ਸੀਲ ਕੀਤੇ ਗਏ

07/13/2020 5:59:32 PM

ਨਵੀਂ ਦਿੱਲੀ- ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਨੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੂੰ ਸੂਚਿਤ ਕੀਤਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਗੈਰ-ਕਾਨੂੰਨੀ ਰੂਪ ਨਾਲ ਬਣੇ 19,661 ਬੋਰਵੈੱਲ 'ਚੋਂ 7,248 ਨੂੰ ਸੀਲ ਕੀਤਾ ਗਿਆ ਹੈ। ਡੀ.ਪੀ.ਸੀ.ਸੀ. ਨੇ ਐੱਨ.ਜੀ.ਟੀ. ਪ੍ਰਧਾਨ ਜੱਜ ਆਦਰਸ਼ ਕੁਮਾਰ ਗੋਇਲ ਦੀ ਪ੍ਰਧਾਨਗੀ ਵਾਲੀ ਬੈਂਚ ਨੂੰ ਦੱਸਿਆ ਕਿ ਦਿੱਲੀ ਦੇ 11 ਜ਼ਿਲ੍ਹਿਆਂ 'ਚੋਂ ਸਭ ਤੋਂ ਵੱਧ ਉੱਤਰ ਪੱਛਮੀ ਦਿੱਲੀ 'ਚ 8,299 ਗੈਰ-ਕਾਨੂੰਨੀ ਬੋਰਵੈੱਲ ਹਨ। ਇਸ ਤੋਂ ਇਲਾਵਾ ਦੱਖਣ ਪੱਛਮੀ ਦਿੱਲੀ 'ਚ 6,681 ਅਤੇ ਪੱਛਮੀ ਦਿੱਲੀ 'ਚ 2,185 ਅਣਅਧਿਕਾਰਤ ਬੋਰਵੈੱਲ ਹਨ। ਡੀ.ਪੀ.ਸੀ.ਸੀ. ਨੇ ਆਪਣੀ ਰਿਪੋਰਟ 'ਚ ਕਿਹਾ,''ਮਾਲੀਆ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਦਿੱਲੀ ਜਲ ਬੋਰਡ ਵਲੋਂ ਚਿੰਨ੍ਹਿਤ 19,661 ਗੈਰ-ਕਾਨੂੰਨੀ ਬੋਰਵੈੱਲ 'ਚੋਂ 7,248 ਵਿਰੁੱਧ ਕਾਰਵਾਈ ਕੀਤੀ ਗਈ ਹੈ। 

ਉਨ੍ਹਾਂ ਨੇ ਮੰਨਿਆ ਕਿ ਵੱਡੀ ਗਿਣਤੀ 'ਚ ਟਿਊਬਵੈੱਲ ਨੂੰ ਮਾਲੀਆ ਅਧਿਕਾਰੀਆਂ ਵਲੋਂ ਪ੍ਰਭਾਵੀ ਤਰੀਕੇ ਨਾਲ ਬੰਦ ਕੀਤੇ ਜਾਣ ਦੀ ਜ਼ਰੂਰਤ ਹੈ। ਹਾਲਾਂਕਿ ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਕਾਰਨ 22 ਮਾਰਚ ਤੋਂ 3 ਮਈ ਤੱਕ ਦਫ਼ਤਰ ਬੰਦ ਰਹੇ।'' ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਐੱਨ.ਜੀ.ਟੀ. ਨੂੰ ਸੂਚਿਤ ਕੀਤਾ ਕਿ ਉਹ ਦਿੱਲੀ ਜਲ ਬੋਰਡ ਅਤੇ ਮਾਲੀਆ ਅਧਿਕਾਰੀਆਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਵਾਤਾਵਰਣ ਨੂੰ ਹੋਏ ਨੁਕਸਾਨ ਦਾ ਆਕਲਨ ਕਰ ਰਹੀ ਹੈ, ਜਿਸ ਨੂੰ ਵਸੂਲਿਆ ਜਾਣਾ ਹੈ ਅਤੇ ਇਸ ਸੰਬੰਧ 'ਚ ਚਿੰਨ੍ਹਿਤ ਗੈਰ-ਕਾਨੂੰਨੀ ਬੋਰਵੈੱਲ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਐੱਨ.ਜੀ.ਟੀ. ਅਬਦੁੱਲ ਫਾਰੂਖ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਛਤਰਪੁਰ ਦੇ ਚੰਦਨ ਹੁੱਲਾ ਪਿੰਡ 'ਚ ਸਰਕਾਰੀ ਟਿਊਬਵੈੱਲ ਦਾ ਪਾਣੀ ਨਿੱਜੀ ਟੈਂਕਰ ਮਾਲਕਾਂ ਨੂੰ ਵੇਚਿਆ ਜਾ ਰਿਹਾ ਹੈ।


DIsha

Content Editor

Related News