IAS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਮਿਲੇ ''ਆਪ'' ਦੇ ਕੈਬਨਿਟ ਮੰਤਰੀ
Wednesday, Jul 31, 2024 - 05:37 PM (IST)
ਨਵੀਂ ਦਿੱਲੀ- ਦਿੱਲੀ ਦੇ ਕੈਬਨਿਟ ਮੰਤਰੀਆਂ ਨੇ ਬੁੱਧਵਾਰ ਨੂੰ ਓਲਡ ਰਾਜੇਂਦਰ ਨਗਰ ਹਾਦਸੇ ਮਗਰੋਂ ਸਿਵਲ ਸੇਵਾ ਦੇ ਵਿਦਿਆਰਥੀਆਂ ਨਾਲ ਚਰਚਾ ਕਰਨ ਲਈ ਬੁੱਧਵਾਰ ਯਾਨੀ ਕਿ ਅੱਜ ਮੁਲਾਕਾਤ ਕੀਤੀ। ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ, ਸ਼ਹਿਰੀ ਵਿਕਾਸ ਮੰਤਰੀ ਸੌਰਭ ਭਾਰਦਵਾਜ, ਵਿਕਾਸ ਮੰਤਰੀ ਗੋਪਾਲ ਰਾਏ ਅਤੇ ਮੇਅਰ ਸ਼ੈਲੀ ਓਬਰਾਏ ਨੇ ਦਿੱਲੀ ਸਕੱਤਰੇਤ ਵਿੱਚ ਇਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਆਤਿਸ਼ੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਅਸੀਂ ਓਲਡ ਰਾਜੇਂਦਰ ਨਗਰ, ਨਹਿਰੂ ਵਿਹਾਰ ਵਰਗੇ ਵੱਖ-ਵੱਖ ਕੋਚਿੰਗ ਸੈਂਟਰਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਵਿਦਿਆਰਥੀਆਂ ਨੇ ਆਪਣੀਆਂ ਚਿੰਤਾਵਾਂ, ਵੱਧ ਫੀਸਾਂ, ਕੋਚਿੰਗ ਸੈਂਟਰ ਵਿਚ ਬੁਨਿਆਦੀ ਢਾਂਚੇ ਦੀ ਘਾਟ ਆਦਿ ਬਾਰੇ ਫੀਡਬੈਕ ਰੱਖੇ।
ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਖਾਣੇ ਦੀ ਸਹੂਲਤ ਦੀ ਸਮੱਸਿਆ ਵੀ ਉਨ੍ਹਾਂ ਅੱਗੇ ਰੱਖੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦਿੱਲੀ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਨਿਯਮ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦਿਨ ਵਿਚ ਆਤਿਸ਼ੀ ਨੇ ਐਲਾਨ ਕੀਤਾ ਸੀ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਕੋਚਿੰਗ ਸੈਂਟਰਾਂ ਨੂੰ ਨਿਯਮਤ ਕਰਨ ਲਈ ਇਕ ਕਾਨੂੰਨ ਲਿਆਵੇਗੀ। ਦੱਸ ਦੇਈਏ ਕਿ 27 ਜੁਲਾਈ ਦੀ ਸ਼ਾਮ ਓਲਡ ਰਾਜੇਂਦਰ ਨਗਰ ਇਲਾਕੇ 'ਚ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀ ਮੌਤ ਹੋ ਗਈ ਸੀ।